ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਦੇ ਐਲਾਨ ਅਨੁਸਾਰ ਅੰਮਿ੍ਤਸਰ ਸ਼ਹਿਰ 'ਚ 100 ਈ ਬੱਸਾਂ ਚਲਾਉਣ ਦੀ ਯੋਜਨਾ ਹੈ | ਇਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਸਿਟੀ ਬੱਸ ਦੀ ਵਰਕਸ਼ਾਪ 'ਚ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਥੋਂ 30 ਦੇ ਕਰੀਬ ਬੱਸਾਂ ਨੂੰ ਬੀ. ਆਰ. ਟੀ. ਐੱਸ. ਦੇ ਵੇਰਕਾ ਡਿਪੂ ਵਿਖੇ ਭੇਜ ਦਿੱਤਾ ਗਿਆ ਹੈ | ਇਥੇ ਦੱਸਣਾ ਬਣਦਾ ਹੈ ਅੰਮਿ੍ਤਸਰ 'ਚ ਪਹਿਲਾਂ 2012 ਤੋਂ 2017 ਤੱਕ ਸਿਟੀ ਬੱਸਾਂ ਚਲਦੀਆਂ ਸਨ, ਜਿਨ੍ਹਾਂ ਦੇ ਬੰਦ ਹੋਣ ਤੋਂ ਪਹਿਲਾਂ ਹੀ ਇਥੇ ਬੀ.ਆਰ.ਟੀ.ਐੱਸ. ਪ੍ਰੋਜੈਕਟ ਤਹਿਤ 2016 'ਚ ਮੈਟਰੋ ਬੱਸਾਂ ਚਲਾਈਆਂ ਗਈਆਂ ਸਨ, ਜੋ 2023 ਤੋਂ ਬੰਦ ਪਈਆਂ ਹਨ | ਕੇਂਦਰ ਸਰਕਾਰ ਵਲੋਂ ਜੋ 100 ਈ ਬੱਸਾਂ ਚਲਾਈਆਂ ਜਾਣਗੀਆਂ | ਉਨ੍ਹਾਂ ਵਿਚੋਂ 40 ਈ ਬੱਸਾਂ ਸਿਟੀ ਬੱਸ ਦੀ ਵਰਕਸ਼ਾਪ 'ਚ ਖੜ੍ਹੀਆਂ ਕੀਤੀਆਂ ਜਾਣਗੀਆਂ ਜਦੋਂ ਕਿ 60 ਬੱਸਾਂ ਬੀ.ਆਰ.ਟੀ.ਐੱਸ. ਸਟੇਸ਼ਨ ਵਿਚ ਖੜ੍ਹੀਆਂ ਕੀਤੀਆਂ ਜਾਣਗੀਆਂ | ਸਿਟੀ ਬੱਸ ਵਰਕਸ਼ਾਪ ਦੀ 1.59 ਕਰੋੜ ਦੀ ਲਾਗਤ ਨਾਲ ਮੁਰੰਮਤ ਕਰਵਾਉਣ ਦਾ ਕੰਮ ਕੀਤਾ ਜਾਵੇਗਾ | ਇੱਥੇ ਚਾਰਜਿੰਗ ਪੁਆਇੰਟਾਂ ਲਈ ਹਾਈਵੋਲਟਜ ਕੇਬਲ ਅਤੇ ਟਰਾਂਸਫਾਰਮਰ ਲਗਾਏ ਜਾਣਗੇ | ਇਸ ਦੇ ਨਾਲ 10 ਚਾਰਜ਼ਿੰਗ ਪੁਆਇੰਟ ਚਲਾਏ ਜਾਣਗੇ | ਇਸ ਤੋਂ ਇਲਾਵਾ ਬੀ.ਆਰ.ਟੀ.ਐੱਸ. ਡਿਪੂ 'ਤੇ 15 ਚਾਰਜਿੰਗ ਪੁਆਇੰਟ ਲਗਾਏ ਜਾਣਗੇ ਅਤੇ ਇਥੇ ਹੋਣ ਵਾਲੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ | ਜਿਸ 'ਤੇ 2.29 ਕਰੋੜ ਦੀ ਲਾਗਤ ਆਵੇਗੀ |