ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 24 ਨਵੰਬਰ ਨੂੰ ਜਾਰੀ ਕੀਤੇ ਮੱਤੇ ਰਾਹੀਂ ਅੰਮਿ੍ਤਸਰ ਸ਼ਹਿਰ ਦੇ ਚਾਰਦੀਵਾਰੀ ਵਾਲੇ ਹਿੱਸੇ ਨੂੰ ਧਾਰਮਿਕ ਸ਼ਹਿਰ ਦਾ ਦਰਜ਼ਾ ਦਿੱਤੇ ਜਾਣ ਤੋਂ ਬਾਅਦ ਨਗਰ ਨਿਗਮ ਵਲੋਂ ਪੁਰਾਣੇ ਸ਼ਹਿਰ 'ਚ ਮੀਟ, ਤੰਬਾਕੂ, ਸਿਗਰੇਟ, ਅੰਡਿਆਂ ਵਾਲੀਆਂ ਦੁਕਾਨਾਂ ਦਾ ਸਰਵੇਖਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ | ਜੋ ਸਰਵੇਖਣ ਕਰਕੇ ਦੁਕਾਨਾਂ ਦੀ ਰਿਪੋਰਟ ਸਯੁੰਕਤ ਕਮਿਸ਼ਨਰ ਨੂੰ 5 ਦਸੰਬਰ ਨੂੰ ਸਵੇਰੇ 11 ਵਜੇ ਤੱਕ ਦੇਵੇਗੀ | ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਦੇ ਅੰਦਰੂਨ ਸ਼ਹਿਰ ਨੂੰ ਧਾਰਮਿਕ ਸ਼ਹਿਰ ਦਾ ਦਰਜ਼ਾ ਦੇਣ ਲਈ ਲੰਬੇ ਸਮੇਂ ਤੋਂ ਮੰਗ ਚਲੀ ਆ ਰਹੀ ਹੈ | ਜਿਸ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਸਰਕਾਰ ਵਲੋਂ 24 ਨਵੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਲਈ ਮਤਾ ਲਿਆਂਦਾ ਗਿਆ ਹੈ | ਇਸ ਸੰਬੰਧੀ ਨੋਟੀਫਕੇਸ਼ਨ ਜਾਰੀ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਅੰਮਿ੍ਤਸਰ ਸ਼ਹਿਰ ਦੇ ਉਕਤ ਸ਼ਹਿਰ ਵਿਚੋਂ ਮੀਟ, ਸ਼ਰਾਬ, ਅੰਡੇ, ਤੰਬਾਕੂ, ਸਿਗਰੇਟਾਂ ਦੀਆਂ ਦੁਕਾਨਾਂ ਨੂੰ ਬਾਹਰ ਕੱਢਿਆ ਜਾਵੇਗਾ | ਇਸ ਸੰਬੰਧ ਵਿਚ ਨਗਰ ਨਿਗਮ ਵਲੋਂ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ, ਸਕੱਤਰ ਸੁਸ਼ਾਂਤ ਭਾਟੀਆ, ਡਾ: ਦਰਸ਼ਨ ਕਸ਼ਯਪ ਸੁਪਰਡੈਂਟ ਸਲਾਟਰ ਹਾਊਸ, ਸੁਪਰਡੈਂਟ ਲਵਲੀਨ ਸ਼ਰਮਾ 'ਤੇ ਅਧਾਰਿਤ ਚਾਰ ਟੀਮਾਂ ਬਣਾਈਆਂ ਗਈਆਂ ਹਨ | ਇਸ ਵਿਚ ਉਪਰੋਕਤ ਤੋਂ ਇਲਾਵਾ ਸੰਜੇ ਬਾਵਾ ਜੂਨੀਅਰ ਸਹਾਇਕ, ਪ੍ਰਨਵ ਕੁਮਾਰ ਜੂਨੀਅਰ ਸਹਾਇਕ, ਅਰਵਿੰਦਰ ਸਿੰਘ ਕਲਰਕ, ਰਜੀਵ ਮਹਿਤਾ ਜੂਨੀਅਰ ਸਹਾਇਕ ਸ਼ਾਮਿਲ ਹਨ | ਅੱਜ ਇਨ੍ਹਾਂ ਟੀਮਾਂ ਵਲੋਂ ਉਪਰੋਕਤ ਦੁਕਾਨਾਂ ਦਾ ਸਰਵੇਖਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੀ ਰਿਪੋਰਟ ਤਿਆਰ ਕਰਕੇ ਇਹ ਟੀਮਾਂ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੂੰ ਸੌਂਪਣਗੇ |