ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਹੈਰੋਇਨ, ਨਾਜਾਇਜ਼ ਸ਼ਰਾਬ ਅਤੇ ਕਈ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਅਜੈਰਾਜ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਗੁਰਮੁਖ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ ਵਿਚ ਟੀ. ਪੁਆਇੰਟ ਚੋਹਲਾ ਖੁਰਦ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ | ਉਕਤ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਜੋਬਨਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਸੰਗਤਪੁਰਾ ਕੋਲੋਂ 8 ਗ੍ਰਾਮ 47 ਮਿਲੀਗ੍ਰਾਮ ਹੈਰੋਇਨ ਅਤੇ ਦੂਸਰੇ ਵਿਅਕਤੀ ਰਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਪੱਤੀ ਭਿੱਖੀਕੀ ਚੋਹਲਾ ਸਾਹਿਬ ਕੋਲੋਂ 7 ਗ੍ਰਾਮ 90 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕੁੱਲ ਬਰਾਮਦਗੀ 15 ਗ੍ਰਾਮ 137 ਮਿਲੀਗ੍ਰਾਮ ਬਣਦੀ ਹੈ | ਉਕਤ ਵਿਅਕਤੀਆਂ ਕੋਲੋਂ ਇਕ ਨੀਲੇ ਰੰਗ ਦੀ ਐਕਟਿਵਾ ਵੀ ਬਰਾਮਦ ਹੋਈ | ਇਸੇ ਤਰ੍ਹਾਂ ਥਾਣਾ ਖੇਮਕਰਨ ਦੇ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਬੱਸ ਅੱਡਾ ਖੇਮਕਰਨ, ਪੁਲ ਡਰੇਨ ਮਹਿੰਦੀਪੁਰ ਤੋਂ ਗਸ਼ਤ ਦੌਰਾਨ ਬਾਬਾ ਸ਼ੇਖ ਬ੍ਰਹਮ ਰੋਡ ਮੀਆਂਵਾਲਾ ਦੇ ਕੋਲੋਂ ਇਕ ਮੋਨੇ ਨੌਜਵਾਨ ਨੁੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਉਸ ਕੋਲੋਂ 6 ਗ੍ਰਾਮ 38 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਸਿਮਰਜੀਤ ਕੌਰ ਨੇ ਦਿਆਲਪੁਰ, ਸੂਰਵਿੰਡ ਘੁਰਕਵਿੰਡ ਆਦਿ ਪਿੰਡਾਂ ਦੇ ਕੋਲ ਗਸ਼ਤ ਦੌਰਾਨ ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਤਪਾ ਬਾਠ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ | ਥਾਣਾ ਵਲਟੋਹਾ ਦੇ ਏ.ਐੱਸ.ਆਈ. ਅਵਤਾਰ ਸਿੰਘ ਨੇ ਪੱਟੜੀ ਪੁਲ ਸੂਆ ਬਹਾਦਰ ਨਗਰ ਕੋਲੋਂ ਇਕ ਮੋਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ | ਫੜੇ ਗਏ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਰਾਮ ਪੁੱਤਰ ਪ੍ਰਤਾਪ ਸਿੰਘ ਵਾਸੀ ਪੱਤੀ ਮਲਵਈਆਂ ਵਲਟੋਹਾ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਭਿੱਖੀਵੰਡ ਦੇ ਏ.ਐੱਸ.ਆਈ. ਕੁਲਵਿੰਦਰਪਾਲ ਨੇ ਗਸ਼ਤ ਦੌਰਾਨ ਬਲਵਿੰਦਰ ਰਾਮ ਉਰਫ਼ ਵਿੱਕੀ ਉਰਫ਼ ਬਿੰਦਰਖੀਆ ਪੁੱਤਰ ਮੱਖਣ ਰਾਮ ਪੁੱਤਰ ਜੱਗਾ ਰਾਮ ਵਾਸੀ ਮੁਹੱਲਾ ਰਾਜਸਥਾਨੀ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਲਾਈਟਰ, ਇਕ ਸਿਲਵਰ ਰੋਲ ਕਾਗਜ਼, ਇਕ ਸਿਲਵਰ ਪੰਨੀ ਹੈਰੋਇਨ ਨਾ ਲਿੱਬੜੀ ਹੋਈ ਸਮੇਤ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐ?ਸ.ਆਈ. ਹਰਵਿੰਦਰਪਾਲ ਸਿੰਘ ਨੇ ਦਾਣਾ ਮੰਡੀ ਵਰਨਾਲਾ ਤੋਂ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਵਰਨਾਲਾ ਵਜੋਂ ਹੋਈ | ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਬਲਬੀਰ ਸਿੰਘ ਨੇ ਰੇਲਵੇ ਸਟੇਸ਼ਨ ਪੱਟੀ ਦੇ ਕੋਲ ਲਵ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 12 ਬਸਤੀ ਧਾਰਾ ਸਿੰਘ ਵਾਲੀ ਪੱਟੀ ਨੂੰ ਕਾਬੂ ਕਰਕੇ ਉਸ ਕੋਲੋਂ 80 ਗ੍ਰਾਮ ਹੈਰੋਇਨ ਅਤੇ ਸੂਰ ਸਿੰਘ ਉਰਫ਼ ਗੈਸੀ ਪੁੱਤਰ ਭਗਵਾਨ ਸਿੰਘ ਵਾਸੀ ਵਾਰਡ ਨੰਬਰ 11 ਨੇੜ੍ਹੇ ਦਾਣਾ ਮੰਡੀ ਪੱਟੀ ਨੂੰ ਕਾਬੂ ਕਰਕੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਮੁਖ਼ਬਰ ਖਾਸ ਦੀ ਇਤਲਾਹ 'ਤੇ ਵਿਜੈ ਕੁਮਾਰ ਉਰਫ਼ ਵਿਜੈ ਪੁੱਤਰ ਚਰਨਦਾਸ ਵਾਸੀ ਮਾੜੀ ਕੰਬੋਕੇ ਦੇ ਘਰ ਛਾਪਾ ਮਾਰ ਕੇ ਉਸ ਨੂੰ ਇਕ ਚਾਲੂ ਭੱਠੀ, 20 ਕਿੱਲੋ ਲਾਹਣ, 3750 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |