ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਪੰਜਾਬ ਪੁਲਿਸ ਦੇ ਸਿਪਾਹੀ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਿਪਾਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰੁੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮੌਕੇ ਤੋਂ ਟਰੱਕ ਡਰਾਈਵਰ ਗਿ੍ਫ਼ਤਾਰ ਹੋ ਗਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸਿਪਾਹੀ ਜਗਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਥਾਣਾ ਝਬਾਲ ਵਿਖੇ ਜਰਨਲ ਡਿਊਟੀ ਕਰਦਾ ਹੈ ਅਤੇ ਉਸਦੇ ਨਾਲ ਸਿਪਾਹੀ ਵਿਕਰਮਜੀਤ ਸਿੰਘ (35) ਪੁੱਤਰ ਮੇਜਰ ਸਿੰਘ ਵਾਸੀ ਗੁਰੂ ਅਰਜਨ ਦੇਵ ਕਲੋਨੀ ਤਰਨ ਤਾਰਨ, ਜੋ ਥਾਣਾ ਝਬਾਲ ਵਿਖੇ ਡਿਊਟੀ ਕਰਦਾ ਹੈ | ਜੋ ਰਾਤ ਸਾਢੇ 10 ਵਜੇ ਆਪਣੇ ਮੋਟਰਸਾਈਕਲ ਤੇ ਥਾਣਾ ਝਬਾਲ ਤੋੋਂ ਦਫ਼ਤਰ ਐੱਸ.ਐੱਸ.ਪੀ. ਤਰਨ ਤਾਰਨ ਵਿਖੇ ਕੰਮ ਲਈ ਆ ਰਿਹਾ ਸੀ ਕਿ ਰਸਤੇ ਵਿਚ ਅੱਡਾ ਕੈਰੋਵਾਲ ਤੋੋਂ ਥੋੜਾ ਪਿੱਛੇ ਇਕ ਟਰੱਕ ਨੇ ਲਾਪਰਵਾਹੀ ਨਾਲ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਗਿਆ, ਜਿਸਦੇ ਕਾਫੀ ਸੱਟਾਂ ਲੱਗ ਗਈਆਂ | ਜਿਸਨੂੰ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰ ਸਾਹਿਬ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਟਰੱਕ ਡਰਾਈਵਰ ਜਸਬੀਰ ਸਿੰਘ ਉਰਫ ਕਾਲਾ ਵਾਸੀ ਮੁਰਾਦਪੁਰਾ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |