ਖਡੂਰ ਸਾਹਿਬ, 17 ਜੂਨ (ਰਸ਼ਪਾਲ ਸਿੰਘ ਕੁਲਾਰ)-ਪਿਛਲੇ ਲੰਮੇ ਸਮੇਂ ਤੋਂ ਸਬ-ਡਵੀਜ਼ਨਲ ਦਫ਼ਤਰ ਖਡੂਰ ਸਾਹਿਬ ਵਿਖੇ ਐੱਸ.ਡੀ.ਐੱਮ. ਦੀ ਕੁਰਸੀ ਖਾਲੀ ਹੈ ਅਤੇ ਜਨਤਾ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ | ਵਾਧੂ ਚਾਰਜ ਤੇ ਲਗਾਏ ਐੱਸ. ਡੀ. ਐੱਮ. ਅਰਵਿੰਦਰਪਾਲ ਸਿੰਘ ਸਿਰਫ ਹਫ਼ਤੇ ਵਿਚ ਦੋ ਦਿਨ ਆਉਂਦੇ ਹਨ ਅਤੇ ਤਿੰਨ ਦਿਨ ਲੋਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਲੰਮੇ ਸਮੇਂ ਦੀ ਉਡੀਕ ਕਰਨੀ ਪੈ ਰਹੀ ਹੈ | ਜ਼ਿਕਰਯੋਗ ਹੈ ਕਿ ਸਬ-ਡਵੀਜ਼ਨਲ ਦਫ਼ਤਰ ਖਡੂਰ ਸਾਹਿਬ ਦੋ ਵਿਧਾਨ ਸਭਾ ਹਲਕਿਆਂ ਖਡੂਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਅਧੀਨ ਪਿੰਡਾਂ ਦਾ ਸਾਂਝਾ ਦਫ਼ਤਰ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਬ-ਡਵੀਜ਼ਨਲ ਦਫਤਰ ਖਡੂਰ ਸਾਹਿਬ ਵਿਚ ਦੋ ਵਿਧਾਇਕ ਇਕ ਐੱਸ. ਡੀ. ਐੱਮ. ਦੀ ਕੁਰਸੀ ਭਰਨ ਤੋਂ ਵੀ ਅਸਮਰਥ ਲੱਗ ਰਹੇ ਹਨ | ਇਸ ਮੌਕੇ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ, ਕੰਵਲਜੀਤ ਸਿੰਘ ਗਿੱਲ ਖਡੂਰ ਸਾਹਿਬ, ਰਵੇਲ ਸਿੰਘ ਦਾਰਾਪੁਰ ਸਾਬਕਾ ਸਰਪੰਚ, ਸੁਖਦੇਵ ਸਿੰਘ ਜੋਸ਼ਨ ਆਦਿ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਸਬ-ਡਵੀਜ਼ਨਲ ਦਫ਼ਤਰ ਖਡੂਰ ਸਾਹਿਬ ਨੂੰ ਆਰਜ਼ੀ ਅਫ਼ਸਰਾਂ ਤੋਂ ਮੁਕਤ ਕਰਕੇ ਪੱਕੇ ਚਾਰਜ ਦਿੱੱਤੇ ਜਾਣ ਤਾਂ ਜੋ ਆਮ ਜਨਤਾ ਖੱਜਲ ਖੁਆਰ ਹੋਣ ਤੋਂ ਬਚ ਸਕੇ | ਇਸ ਸੰਬੰਧੀ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਅਤੇ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਦਲਬੀਰ ਸਿੰਘ ਟੌਂਗ ਨਾਲ ਸੰਪਰਕ ਕਰਨ 'ਤੇ ਗੱਲ ਨਹੀਂ ਹੋ ਸਕੀ |