ਝਬਾਲ, 18 ਜੂਨ (ਸੁਖਦੇਵ ਸਿੰਘ)-ਪਿੰਡ ਮੀਆਂਪੁਰ ਨੇੜਿਉਂ ਲੰਘਦੀ ਐੱਮ. ਬੀ. ਐੱਲ. ਨਹਿਰ ਆਰ. ਡੀ. 159000 'ਤੇ ਬਣੇ ਪੁਲ ਨੂੰ ਪੰਜਾਬ ਮੰਡੀ ਬੋਰਡ ਵਲੋਂ ਢਾਹ ਕੇ ਨਵੇਂ ਪੁਲ ਦੀ ਕੀਤੀ ਜਾ ਰਹੀ ਉਸਾਰੀ ਦਾ ਕੰਮ ਠੇਕੇਦਾਰ ਵਿਚਾਲੇ ਛੱਡ ਕੇ ਗਾਇਬ ਹੋ ਜਾਣ ਅਤੇ ਆਵਾਜਾਈ ਲਈ ਆਰਜ਼ੀ ਪੁਲ ਨਾ ਬਣਾਉਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਹਿਰ ਤੋਂ ਪਾਰ ਜ਼ਮੀਨ ਵਾਲੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਦਾ ਚਾਰਾ ਲੈਣ 'ਤੇ ਝੋਨੇ ਦੀ ਬਿਜਾਈ ਕਰਨ ਲਈ ਲਗਪਗ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ | ਮਹਿਕਮੇ ਦੇ ਅਧਿਕਾਰੀਆਂ ਵਲੋਂ ਕੋਈ ਉਪਰਾਲਾ ਨਾਕਰਨ ਅਤੇ ਲੋਕਾਂ ਦੀ ਆਵਾਜਾਈ ਨੂੰ ਦੇਖਦਿਆਂ ਪਿੰਡ ਮੀਆਂਪੁਰ ਦੀ ਸਮੂਹ ਸੰਗਤ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਪ੍ਰਬੰਧਕਾਂ ਨੇ ਬਾਠ ਪਰਿਵਾਰ ਦੇ ਸਹਿਯੋਗ ਨਾਲ ਆਰਜ਼ੀ ਪੁਲ ਤਿਆਰ ਕਰਨ ਦਾ ਉਪਰਾਲਾ ਕੀਤਾ ਹੈ | ਇਸ ਸਬੰਧੀ ਸਤਨਾਮ ਸਿੰਘ ਬਾਠ ਨੇ ਮਹਿਕਮੇ ਦੇ ਅਧਿਕਾਰੀਆਂ ਤੇ ਠੇਕੇਦਾਰ ਨੂੰ ਕਸਦਿਆਂ ਕਿਹਾ ਕਿ ਪੁਰਾਣਾ ਪੁਲ ਢਾਹੁਣ ਤੋਂ ਪਹਿਲਾਂ ਲੋਕਾਂ ਦੀ ਆਵਾਜਾਈ ਲਈ ਕੋਈ ਢੁਕਵਾਂ ਪ੍ਰਬੰਧ ਨਾ ਕਰਨ ਕਰਕੇ ਲੱਗ ਭੱਗ ਪੰਜਾਹ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਤ ਵੇਲੇ ਐਮਰਜੈਂਸੀ ਹਾਲਤਾਂ ਵਿਚ ਮਰੀਜ਼ ਨੂੰ ਹਸਪਤਾਲ ਖੜਨ ਲਈ ਕੋਈ ਵੀ ਰਸਤਾ ਨਹੀਂ ਹੈ | ਦੂਰ-ਦੁਰਾਡੇ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੌਰਤਲਬ ਹੈ ਕਿ ਪਿੰਡ ਜਗਤਪੁਰ ਨੇੜਿਉਂ ਲੰਘਦੀ ਇਸੇ ਹੀ ਨਹਿਰ 'ਤੇ ਬਣੇ ਪੁਲ ਦੀ ਹਾਲਤ ਵੀ ਅਤਿ ਖ਼ਸਤਾ ਹੋਣ ਕਰਕੇ ਰਾਹਗੀਰਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾਕੇ ਇਸ ਪੁਲ ਉਪਰੋਂ ਲੰਘਣਾ ਪੈਂਦਾ ਹੈ, ਪਰ ਸਬੰਧਿਤ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ | ਪਿੰਡ ਵਾਸੀਆਂ ਨੇ ਕੰਪਨੀ ਦੇ ਠੇਕੇਦਾਰ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਪੁਲ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕੁੰਭਕਰਨ ਦੀ ਨੀਂਦ ਸੁੱਤੇ ਪਏ ਅਧਿਕਾਰੀ ਨਾ ਜਾਗੇ ਤਾਂ ਸਮੂਹ ਇਲਾਕੇ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਮੈਨੇਜਰ ਸਰਬਦਿਆਲ ਸਿੰਘ, ਪ੍ਰਧਾਨ ਪ੍ਰੀਤਪ ਸਿੰਘ,ਸੁਰਜੀਤ ਸਿੰਘ ਬਾਠ, ਦਲਜੀਤ ਸਿੰਘ ਬਿੱਟੂ, ਕਰਨੈਲ ਸਿੰਘ, ਹਰਜੀਤ ਸਿੰਘ, ਨੰਬਰਦਾਰ ਸਤਨਾਮ ਸਿੰਘ, ਅਵਤਾਰ ਸਿੰਘ ਦੋਧੀ, ਪਹਿਲਵਾਨ ਲਾਲੀ ਮੈਂਬਰ, ਮੈਂਬਰ ਗੁਰਜੀਤ ਸਿੰਘ, ਮੈਂਬਰ ਲਵਪ੍ਰੀਤ ਸਿੰਘ ਮੈਂਬਰ ਅਜਮੇਰ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਵੀਰ ਸਿੰਘ, ਗਿੱਲ ਮੀਆਂਪੁਰ, ਬਲਕਾਰ ਸਿੰਘ, ਸ਼ਿੰਦਾ ਸਿੰਘ, ਸਤਨਾਮ ਸਿੰਘ ਸੱਤਾ, ਨਿਰਵੈਲ ਸਿੰਘ ਸਮੇਂਤ ਸਮੂਹ ਪਿੰਡ ਵਾਸੀ ਹਾਜ਼ਰ ਸਨ |