ਖੇਮਕਰਨ, 18 ਜੂਨ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਲੁਧਿਆਣਾ ਪੱਛਮੀ ਦੀ ਉਪ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਪਾਰਟੀ ਹਾਈਕਮਾਨ ਵਲੋਂ ਲਗਾਈ ਡਿਊਟੀ ਤੇ ਸਾਥੀਆਂ ਸਮੇਤ ਲਗਾਤਾਰ ਚੋਣ ਪ੍ਰਚਾਰ ਕੀਤਾ | ਇਸ ਉੱਪ ਚੋਣ 'ਚ ਚੋਣ ਪ੍ਰਚਾਰ ਬੰਦ ਹੋਣ ਉਪਰੰਤ ਵਾਪਸੀ ਤੇ ਸਾਬਕਾ ਵਿਧਾਇਕ ਭੁੱਲਰ ਨੇ ਸਾਥੀ ਕਾਂਗਰਸੀ ਵਰਕਰਾਂ ਸਮੇਤ ਬਲਾਕ ਕਾਂਗਰਸ ਕਮੇਟੀ ਵਲਟੋਹਾ ਦੇ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਵਲਟੋਹਾ ਦੇ ਗ੍ਰਹਿ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ 19 ਜੂਨ ਨੂੰ ਹੋਣ ਜਾ ਰਹੀ ਉੱਪ ਚੋਣ 'ਚ ਕਾਂਗਰਸ ਪਾਰਟੀ ਦੀ ਜਿੱਤ ਲਗਪਗ ਪੱਕੀ ਹੈ | ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਰਪੂਰ ਉਤਸ਼ਾਹ ਅਤੇ ਸਮਰਥਨ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਤੇ ਨਕਾਰਾਤਮਕ ਨੀਤੀਆਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਸੁਖਪਾਲ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਤੇ ਪਾਰਟੀ ਦੇ ਵਰਕਰਾਂ 'ਚ ਬਹੁਤ ਉਤਸ਼ਾਹ ਹੈ | ਪੰਜਾਬ 'ਚ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੇ ਹੱਕ ਚ ਬਣਦੀ ਜਾ ਰਹੀ ਲਹਿਰ ਨੂੰ ਵੇਖਦੇ ਹੋਏ ਦੂਸਰੀਆਂ ਪਾਰਟੀਆਂ 'ਚੋਂ ਸਰਗਰਮ ਵਰਕਰ ਲਗਾਤਾਰ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ | ਕਾਂਗਰਸ ਪਾਰਟੀ ਵੀ ਲਗਾਤਾਰ ਜਨਤਾ 'ਚ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਹਾਸਲ ਕੀਤਾ ਜਾ ਸਕੇ | ਇਸ ਮੌਕੇ ਲੁਧਿਆਣਾ ਪੱਛਮੀ ਵਿਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਸੰਧੂ, ਸਰਪੰਚ ਮੇਜਰ ਸਿੰਘ ਕਲਸ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਸਾਂਡਪੁਰਾ, ਸਰਪੰਚ ਜੱਜਬੀਰ ਸਿੰਘ ਵਲਟੋਹਾ, ਸਰਪੰਚ ਰਾਜਬੀਰ ਸਿੰਘ ਤਲਵੰਡੀ, ਹਰਜੀਤ ਸਿੰਘ ਵਲਟੋਹਾ, ਨਵਪ੍ਰੀਤ ਸਿੰਘ ਗਿੱਲ, ਗੁਰਲਾਲ ਸਿੰਘ ਸੰਧੂ, ਰੇਸ਼ਮ ਸਿੰਘ ਖਾਲਸਾ, ਗੋਰਾ ਸਰਪੰਚ, ਰਾਜਾ ਬਹਿੜਵਾਲ, ਆੜ੍ਹਤੀ ਹਰਪਾਲ ਸਿੰਘ ਵਲਟੋਹਾ ਅਤੇ ਹੋਰ ਪ੍ਰਮੁੱਖ ਕਾਂਗਰਸੀ ਆਗੂ ਵੀ ਹਾਜ਼ਰ ਸਨ | ਸਾਬਕਾ ਵਿਧਾਇਕ ਭੁੱਲਰ ਨੇ ਜ਼ਿਮਨੀ ਚੋਣ 'ਚ ਹਲਕਾ ਵਾਸੀ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾ ਕੇ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਅਤੇ ਸਥਿਰਤਾ ਵੱਲ ਲੈ ਜਾਣ ਵਿਚ ਯੋਗਦਾਨ ਪਾਉਣ |