ਚੋਹਲਾ ਸਾਹਿਬ, 19 ਜੂਨ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ, ਅਣਗਹਿਲੀ ਅਤੇ ਦੂਰਅੰਦੇਸ਼ੀ ਦੀ ਘਾਟ ਕਾਰਨ ਪੰਜਾਬ ਦਾ ਹਰ ਖੇਤਰ ਬਰਬਾਦੀ ਵੱਲ ਵਧ ਰਿਹਾ ਹੈ | ਉਦਯੋਗ ਤਬਾਹੀ ਦੇ ਕੰਢੇ 'ਤੇ ਹੈ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਏ ਵਿਕਾਸ ਪ੍ਰੋਜੈਕਟ ਠੱਪ ਪਏ ਹਨ | ਬ੍ਰਹਮਪੁਰਾ ਨੇ ਉਦਯੋਗਾਂ 'ਤੇ ਪਾਏ ਗਏ ਨਵੇਂ ਬੋਝ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜਿਸ ਸਮੇਂ ਪੰਜਾਬ ਦਾ ਉਦਯੋਗ ਪਹਿਲਾਂ ਹੀ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ, ਉਸ ਵੇਲੇ 'ਆਪ' ਸਰਕਾਰ ਨੇ 15 ਜੂਨ ਤੋਂ ਸ਼ਾਮ 6 ਵਜੇ ਤੋਂ 10 ਵਜੇ ਦੇ ਪੀਕ ਘੰਟਿਆਂ ਦੌਰਾਨ 2 ਰੁਪਏ ਪ੍ਰਤੀ ਯੂਨਿਟ ਦਾ ਵਾਧੂ ਸਰਚਾਰਜ ਲਗਾ ਕੇ ਉਦਯੋਗਪਤੀਆਂ ਦਾ ਲੱਕ ਤੋੜ ਦਿੱਤਾ ਹੈ, ਇਹ ਉਦਯੋਗ ਨਾਲ ਸਰਾਸਰ ਧੱਕਾ ਹੈ | ਇਸ ਨਾਲ ਉਦਯੋਗਾਂ ਨੂੰ ਬਿਜਲੀ ਲਗਭਗ 10 ਰੁਪਏ ਪ੍ਰਤੀ ਯੂਨਿਟ ਪਵੇਗੀ, ਜਦੋਂ ਕਿ ਉਨ੍ਹਾਂ ਦੀ ਮੌਜੂਦਾ ਲਾਗਤ ਪਹਿਲਾਂ ਹੀ 8.16 ਰੁਪਏ ਪ੍ਰਤੀ ਯੂਨਿਟ ਹੈ | ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 24 ਘੰਟੇ ਚੱਲਣ ਵਾਲੇ ਸਟੀਲ ਰੋਲਿੰਗ ਮਿੱਲਾਂ ਅਤੇ ਫਰਨੈਸਾਂ ਵਰਗੇ ਉਦਯੋਗਾਂ 'ਤੇ ਇਸ ਦਾ ਸਭ ਤੋਂ ਮਾਰੂ ਅਸਰ ਪਵੇਗਾ, ਕਿਉਂਕਿ ਬਿਜਲੀ ਉਨ੍ਹਾਂ ਲਈ ਮੁੱਖ ਕੱਚਾ ਮਾਲ ਹੈ | ਬ੍ਰਹਮਪੁਰਾ ਨੇ ਕਿਹਾ ਕਿ 'ਆਪ' ਸਰਕਾਰ ਰਾਹਤ ਦੇਣ ਦੀ ਬਜਾਇ ਉਦਯੋਗਾਂ ਦਾ ਗਲਾ ਘੁੱਟ ਰਹੀ ਹੈ, ਜਿਸ ਨਾਲ ਪੰਜਾਬ ਤੋਂ ਉਦਯੋਗਾਂ ਦੀ ਲਾਗਤ ਖਰਚ ਹੋਰ ਤੇਜ਼ੀ ਨਾਲ ਵਧੇਗੀ | 'ਆਪ' ਸਰਕਾਰ ਦੇ ਰੋਜ਼ਗਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਉਨ੍ਹਾਂ ਫਾਜ਼ਿਲਕਾ ਦੇ ਰਾਸ਼ਟਰੀ ਪੱਧਰ ਦੇ ਅਥਲੀਟ ਦੀਪਕ ਕੁਮਾਰ ਦੀ ਦਰਦਨਾਕ ਕਹਾਣੀ ਬਿਆਨ ਕੀਤੀ | ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਜਿਸ ਨੌਜਵਾਨ ਨੇ ਨਾਗਾਲੈਂਡ ਵਿਚ 6000 ਮੀਟਰ ਅਤੇ 8 ਕਿਲੋਮੀਟਰ ਕਰਾਸ-ਕੰਟਰੀ ਦੌੜਾਂ ਵਿਚ ਚਾਂਦੀ ਦੇ ਤਗਮੇ ਜਿੱਤੇ | 'ਖੇਡਾਂ ਵਤਨ ਪੰਜਾਬ ਦੀਆਂ' ਵਿਚ 5 ਖੇਡ ਰਤਨ ਹਾਸਲ ਕੀਤੇ, ਉਹ ਅੱਜ 'ਆਪ' ਸਰਕਾਰ ਦੀ ਬੇਰੁਖ਼ੀ ਕਾਰਨ ਆਪਣੇ ਮੈਡਲਾਂ ਨੂੰ ਰੇਹੜੀ 'ਤੇ ਟੰਗ ਕੇ ਜੂਸ ਵੇਚਣ ਲਈ ਮਜ਼ਬੂਰ ਹੈ | ਇਹ 'ਆਪ' ਸਰਕਾਰ ਦੇ ਝੂਠੇ ਵਾਅਦਿਆਂ ਅਤੇ ਨੌਜਵਾਨ ਵਿਰੋਧੀ ਸੋਚ ਦਾ ਜਿਉਂਦਾ-ਜਾਗਦਾ ਸਬੂਤ ਹੈ | ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਅਹਿਮ ਪ੍ਰਾਜੈਕਟ 'ਆਪ' ਸਰਕਾਰ ਦੀ ਬਦਨੀਤੀ ਅਤੇ ਸਿਆਸੀ ਵਿਤਕਰੇਬਾਜ਼ੀ ਦੀ ਭੇਟ ਚੜ੍ਹ ਗਏ ਹਨ | ਉਨ੍ਹਾਂ ਕਿਹਾ ਕਿ 'ਸਾਡਾ ਸੁਪਨਾ ਸੀ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਕ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਜਾਂ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਿਆ ਜਾ ਸਕੇ | ਇਸ ਵਿਚ ਫੁੱਟਬਾਲ ਮੈਦਾਨ, ਅਥਲੈਟਿਕ ਟ੍ਰੈਕ, ਇਨਡੋਰ ਖੇਡਾਂ ਲਈ ਸਹੂਲਤਾਂ ਆਦਿ ਸ਼ਾਮਿਲ ਹੋਣੀਆਂ ਸਨ, ਪਰ 'ਆਪ' ਸਰਕਾਰ ਨੇ ਫੰਡਾਂ ਦੀ ਘਾਟ ਦਾ ਝੂਠਾ ਬਹਾਨਾ ਬਣਾ ਕੇ ਇਸ ਪ੍ਰੋਜੈਕਟ ਨੂੰ ਅੱਧ ਵਿਚਾਲੇ ਰੋਕ ਦਿੱਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਸਟੇਡੀਅਮ ਹੀ ਨਹੀਂ ਬਲਕਿ ਸੜਕੀ ਢਾਂਚੇ, ਪੇਂਡੂ ਵਿਕਾਸ ਅਤੇ ਵਿੱਦਿਅਕ ਅਦਾਰਿਆਂ ਦੇ ਨਵੀਨੀਕਰਨ ਵਰਗੇ ਦਰਜਨਾਂ ਪ੍ਰਾਜੈਕਟ ਠੱਪ ਪਏ ਹਨ, ਜਿਸ ਕਾਰਨ ਆਮ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ | ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ, ਸਤਨਾਮ ਸਿੰਘ ਕਰਮੂੰਵਾਲਾ, ਜਗਰੂਪ ਸਿੰਘ ਪੱਖੋਪੁਰਾ, ਗੁਰਮੀਤ ਸਿੰਘ ਸੈਕਟਰੀ, ਬਾਵਾ ਸਿੰਘ ਸਰਪੰਚ ਰੱਤੋਕੇ, ਡਾ. ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਕੁਰਿੰਦਰ ਸਿੰਘ ਨਿੱਕਾ ਚੋਹਲਾ, ਸਿਮਰਨਜੀਤ ਸਿੰਘ ਕਾਕੂ, ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਬਾਬਾ ਬਲਵੀਰ ਸਿੰਘ ਲੈਣਾ ਅਤੇ ਗੁਰਦੇਵ ਸਿੰਘ ਚੋਹਲਾ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |