ਤਰਨ ਤਾਰਨ, 20 ਜੂਨ (ਹਰਿੰਦਰ ਸਿੰਘ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵਲੋਂ ਡੇਂਗੂ ਬੁਖਾਰ ਦੇ ਵਿਰੁੱਧ ਸ਼ੁਰੂ ਕੀਤੀ ਗਈ, 'ਹਰ ਸ਼ੁਕਰਵਾਰ ਡੇਂਗੂ' 'ਤੇ ਵਾਰ ਤਹਿਤ ਜ਼ਿਲੇ੍ਹ ਦੇ ਵੱਖ-ਵੱਖ ਬਲਾਕਾਂ ਦੇ ਵਿਚ ਬੂਟਿਆਂ ਦੀਆਂ ਨਰਸਰੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਡੇਂਗੂ ਬੁਖਾਰ ਦੀ ਰੋਕਥਾਮ ਸਬੰਧੀ ਵਿਸ਼ੇਸ਼ ਤੌਰ 'ਤੇ 'ਹਰ ਸ਼ੱੁਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਦੇ ਸ਼ਹਿਰਾਂ, ਕਸਬਿਆ ਅਤੇ ਪਿੰਡਾਂ ਵਿਚ ਬੂਟਿਆਂ ਦੀਆਂ ਨਰਸਰੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਦੇ ਨਾਲ ਨਾਲ ਸਿਹਤ ਕਰਮੀਆਂ ਵਲੋਂ ਫੀਵਰ ਸਰਵੇ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਕਰਮੀਆਂ ਵਲੋਂ ਜਾਗਰੂਕਤਾ ਮੁਹਿੰਮ ਦੌਰਾਨ ਨਾਗਰਿਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਆਪਣੇ ਆਪ ਨੂੰ ਇਸ ਬੁਖਾਰ ਤੋਂ ਬਚਾ ਸਕਣ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸ਼ੱੁਕਰਵਾਰ ਨੂੰ ਡ੍ਰਾਈ ਡੇਅ ਐਲਾਣਿਆ ਗਿਆ ਹੈ ਅਤੇ ਇਸ ਦਿਨ ਸਾਨੂੰ ਸਾਰਿਆ ਉਨ੍ਹਾਂ ਸਥਾਨਾਂ ਦੀ ਸਾਫ-ਸਫਾਈ ਕਰਨੀ ਚਾਹੀਦੀ, ਜਿਥੇ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੋਵੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕਾਫੀ ਦਿਨਾਂ ਤੱਕ ਤੇਜ਼ ਬੁਖਾਰ ਨਾ ਉਤਰੇ, ਸ਼ਰੀਰ 'ਤੇ ਚਤੱਕੇ ਪੈਣ, ਤੇਜ਼ ਸਿਰਪੀੜ, ਜੋੜਾ 'ਚ ਦਰਦ, ਜੁਕਾਮ ਹੋਵੇ, ਤਾਂ ਉਹ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਡਾਕਟਰ ਨੂੰ ਮਿਲਣ ਅਤੇ ਟੈਸਟ ਕਰਵਾਉਣ | ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਰਾਘਵ ਗੁਪਤਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਨਾਗਰਿਕ ਆਪਣੇ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ 'ਚ ਪਾਣੀ ਨਾ ਇਕੱਠਾ ਹੋਣ ਦੇਣ ਅਤੇ ਛੱਪੜਾਂ 'ਚ ਖੜੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾ ਕਰਨ | ਉਨਾਂ ਕਿਹਾ ਕਿ ਮੌਜੂਦਾ ਮੌਸਮ ਦੌਰਾਨ ਅਜਿਹੇ ਕੱਪੜੇ ਪਾਏ ਜਾਣ ਜਿਸ ਨਾਲ ਪੂਰਾ ਸ਼ਰੀਰ ਨੂੰ ਢੱਕਿਆ ਜਾ ਸਕੇ, ਤਾਂ ਜੋ ਮੱਛਰ ਦੇ ਕੱਟਣ ਤੋਂ ਬਚਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰਾਘਵ ਗੁਪਤਾ ਅਤੇ ਡਾ.ਅਵਲੀਨ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਐੱਸ.ਆਈ. ਗੁਰਦੇਵ ਸਿੰਘ ਢਿੱਲੋਂ, ਜਸਪਿੰਦਰ ਸਿੰਘ, ਪਰਦੀਪ ਸਿੰਘ ਤੇ ਮਨਜਿੰਦਰ ਸਿੰਘ ਖਹਿਰਾ ਆਦਿ ਮੌਜੂਦ ਰਹੇ |