ਤਰਨ ਤਾਰਨ, 20 ਜੂਨ (ਇਕਬਾਲ ਸਿੰਘ ਸੋਢੀ)-ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨਰਿੰਦਰ ਸਿੰਘ ਰਟੌਲ ਦੀ ਪ੍ਰਧਾਨਗੀ ਹੇਠ ਸਹੀਦ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਲਹਿਰ ਦੇ ਆਗੂ ਪ੍ਰਗਟ ਸਿੰਘ ਜਾਮਾਰਾਏ ਤੇ ਮਨਰੇਗਾ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਸਾਮਰਾਜੀ ਸੰਸਥਾਵਾਂ ਤੋਂ ਨਿਰਦੇਸ਼ਤ ਨੀਤੀਆਂ ਤੇ ਚੱਲਦਿਆਂ ਭਾਜਪਾ ਦੀ ਮੋਦੀ ਸਰਕਾਰ ਕਿਰਤੀਆਂ ਦੇ ਪੱਖ ਦੇ ਕਿਰਤ ਕਾਨੂੰਨ ਰੱਦ ਕਰਕੇ ਕਾਰਪੋਰੇਟ ਪੱਖੀ ਕਨੂੰਨ ਲਾਗੂ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਰਤੀਆਂ ਨੂੰ ਆਮ ਆਦਮੀ ਦੇ ਹੱਕਾਂ ਲਈ ਬਦਲ ਦੇ ਧੋਖੇ ਭਰੇ ਨਾਹਰੇ ਨਾਲ ਸੱਤਾ ਵਿਚ ਆਈ ਸੀ, ਨੇ ਮਜ਼ਦੂਰਾਂ ਦੀ 8 ਘੰਟੇ ਦੀ ਦਿਹਾੜੀ ਦੀ ਥਾਂ 12 ਘੰਟੇ ਦੀ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰਾਂ ਨਾਲ ਧਰੋਹ ਕਮਾਇਆ ਹੈ | ਕਾਰਪੋਰੇਟ ਹਿੱਤੂ ਹੋਣ ਦਾ ਸਬੂਤ ਦਿੱਤਾ ਹੈ, ਦੋਵਾਂ ਆਗੂਆਂ ਨੇ 6 ਜੁਲਾਈ ਨੂੰ ਜਲੰਧਰ ਦੇਸ ਭਗਤ ਯਾਦਗਾਰ ਜਲੰਧਰ ਵਿਖੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਲਈ ਕੀਤੀ ਜਾ ਰਹੀ ਕਨਵੈਨਸ਼ਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਮਜ਼ਦੂਰਾਂ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਕੀਤੀ ਜਾ ਰਹੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਕਿਹਾ | ਇਸ ਮੌਕੇ ਕਰਮ ਸਿੰਘ ਪੰਡੋਰੀ, ਜਰਨੈਲ ਸਿੰਘ ਰਸੂਲਪੁਰ, ਕੁਲਦੀਪ ਸਿੰਘ ਸਾਬਕਾ ਸਰਪੰਚ ਭੁੱਲਰ, ਕੰਵਲਜੀਤ ਸਿੰਘ ਫੌਜੀ ਨਾਗੋਕੇ, ਤਰਸੇਮ ਸਿੰਘ ਕੰਗ, ਅਮਰਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਰਟੌਲ, ਜਸਬੀਰ ਕੌਰ ਕੈਰੋਂਵਾਲ, ਬਗੀਚਾ ਸਿੰਘ ਗੰਡੀਵਿੰਡ ਤੇ ਬਲਵਿੰਦਰ ਸਿੰਘ ਮੱਜੂਪੁਰ ਆਦਿ ਆਗੂਆ ਸੰਬੋਧਨ ਕੀਤਾ |