10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਨਰੇਗਾ ਯੂਨੀਅਨ ਨੇ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 21-06-2025
ਭਿੱਖੀਵਿੰਡ, 20 ਜੂਨ (ਬੌਬੀ)-ਮਨਰੇਗਾ ਅਧੀਨ ਕੰਮ ਕਰਵਾਉਣ ਵਿਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮਨਰੇਗਾ ਯੂਨੀਅਨ ਨੇ ਪ੍ਰਧਾਨ ਬਲਜੀਤ ਸਿੰਘ ਅਲਗੋਂ ਦੀ ਅਗਵਾਈ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਏ. ਡੀ. ਸੀ. ਸੰਜੀਵ ਕੁਮਾਰ ਰਾਹੀਂ ਦਿੱਤਾ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਅਲਗੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਤਹਿਤ ਜਾਰੀ ਹੋਣ ਵਾਲੇ ਫੰਡਾਂ ਦੀ ਲਿਮਟ ਕਰ ਦਿੱਤੀ ਗਈ ਹੈ, ਜਿਸ ਸੰਬੰਧੀ ਡਿਪਟੀ ਕਮਿਸ਼ਨਰ ਪਹਿਲਾਂ ਹੀ ਜਾਣੂ ਹਨ | ਮਹਿਕਮੇ ਵਲੋਂ ਨਵੇਂ ਵਿੱਤੀ ਸਾਲ ਵਿਚ ਲੋੜ ਤੋਂ ਬੇਤਹਾਸ਼ਾ ਵੱਧ ਲੇਬਰ ਦੇ ਟਾਰਗੇਟ ਦਿੱਤੇ ਗਏ, ਜੋ ਅਸੀਂ ਪੂਰੇ ਕਰਦੇ ਰਹੇ, ਪਰ ਲੋੜ ਤੋਂ ਵੱਧ ਟਾਰਗੇਟ ਪੂਰੇ ਕਰਦਿਆਂ ਹੋਇਆਂ ਕੇਂਦਰ ਸਰਕਾਰ ਦੀ ਲਿਮਟਿਡ ਫੰਡ ਮੁਤਾਬਿਕ ਅਸੀਂ ਲੋੜ ਤੋਂ ਵੱਧ ਫੰਡ ਖਰਚ ਕਰ ਚੁੱਕੇ ਹਾਂ ਲੇਬਰ ਦੀਆਂ ਅਦਾਇਗੀਆਂ ਤਿੰਨ ਤੋਂ ਚਾਰ ਮਹੀਨੇ ਤੋਂ ਨਹੀਂ ਹੋ ਰਹੀਆਂ, ਜਿਸ ਕਰਕੇ ਲੇਬਰ ਵੀ ਵਾਰ-ਵਾਰ ਦਫ਼ਤਰਾਂ ਵਿਚ ਧਰਨੇ ਲਾ ਕੇ ਪ੍ਰੇਸ਼ਾਨ ਕਰ ਰਹੀ ਹੈ | ਮਟੀਰੀਅਲ ਦੀਆਂ ਅਦਾਇਗੀਆਂ ਤਕਰੀਬਨ ਤਰਨ ਤਾਰਨ ਜ਼ਿਲ੍ਹੇ ਦੀਆਂ ਪੰਜ ਤੋਂ ਸੱਤ ਕਰੋੜ ਅਨੁਮਾਨਤ ਪਹਿਲਾਂ ਹੀ ਮਹਿਕਮੇ ਵੱਲ ਬਕਾਇਆ ਖੜੀਆਂ ਹਨ ਤੇ ਮੌਜੂਦਾ ਵਿੱਤੀ ਸਾਲ ਵਿਚ ਹੀ ਡਬਲਯੂ. ਐੱਮ.ਐੱਸ. ਰਾਹੀਂ ਤਕਰੀਬਨ 20 ਕਰੋੜ ਅਨੁਮਾਨਤ ਤਰਨ ਤਾਰਨ ਜ਼ਿਲ੍ਹੇ ਦੀਆਂ ਮਟੀਰੀਅਲ ਦੀਆਂ ਫਾਈਲਾਂ ਜਾ ਚੁੱਕੀਆਂ ਹਨ, ਹੁਣ ਸਮੱਸਿਆ ਇਹ ਖੜੀ ਹੋ ਚੁੱਕੀ ਹੈ ਕਿ ਫਰਮਾਂ ਵਾਲੇ ਮਟੀਰੀਅਲ ਉਧਾਰ ਦੇਣ ਤੋਂ ਬਿਲਕੁਲ ਇਨਕਾਰੀ ਹਨ | ਉਹ ਕਹਿ ਰਹੇ ਹਨ ਕਿ ਬਕਾਇਆ ਭਗਤਾਨ ਕਰਵਾ ਦਿਓ ਤਾਂ ਹੀ ਅੱਗੇ ਅਸੀਂ ਉਧਾਰ ਦੇਵਾਂਗੇ | ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਸੋਲਡ ਵੇਸਟ, ਪਲੇਅ ਗਰਾਊਾਡ, ਲੀਕਵਰਡ ਵੇਸਟ ਆਦਿ ਦੇ ਕੰਮ ਪਹਿਲ ਦੇ ਅਧਾਰ 'ਤੇ ਕਰਵਾਉਣ ਵਾਸਤੇ ਕਿਹਾ ਜਾ ਰਿਹਾ ਹੈ | ਮਟੀਰੀਅਲ ਦੀਆਂ ਅਦਾਇਗੀਆਂ ਨਾ ਹੋਣ ਕਰਕੇ ਅਤੇ ਫਰਮਾਂ ਦੇ ਉਧਾਰ ਮਟੀਰੀਅਲ ਨਾ ਦੇਣ ਕਰਕੇ ਅਸੀਂ ਕੰਮ ਕਰਵਾਉਣ ਵਿਚ ਅਸਮਰੱਥ ਹਾਂ | ਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਸਾਨੂੰ ਅਗਲੀ ਕਾਰਵਾਈ ਤੋਂ ਜਾਣੂ ਕਰਵਾਇਆ ਜਾਵੇ ਨਹੀਂ ਤੇ ਅਸੀਂ ਕਲਮ ਛੋੜ ਹੜਤਾਲ 'ਤੇ ਜਾਣ ਵਾਸਤੇ ਮਜ਼ਬੂਰ ਹੋਵਾਂਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਸਿੰਘ ਬੁੱਟਰ, ਬਲਾਕ ਪ੍ਰਧਾਨ ਗੁਰਜੀਤ ਸਿੰਘ ਵਲਟੋਹਾ, ਬਲਾਕ ਪ੍ਰਧਾਨ ਗੁਰਕੀਰਤ ਸਿੰਘ ਗੰਡੀਵਿੰਡ, ਮਨਪ੍ਰੀਤ ਸਿੰਘ ਗੰਡੀਵਿੰਡ, ਬਲਾਕ ਪ੍ਰਧਾਨ ਗੁਰਨੀਤ ਸਿੰਘ ਨੌਸ਼ਹਿਰਾ, ਰਾਜਬੀਰ ਸਿੰਘ ਤੇ ਗੁਰਸਿਮਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਦੇਵੀ ਕਾਲਜ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਡਾ. ਅੰਬੇਡਕਰ ਦੀਆਂ ਮੂਰਤੀਆਂ ਦੀ ਸੁਰੱਖਿਆ ਲਈ ਨਿਗਮ ਕਮਿਸ਼ਨਰ ਵਲੋਂ ਰੀਵਿਊ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।