ਝਬਾਲ, 20 ਜੂਨ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਪੈਂਦੇ ਤਕਰੀਬਨ 6000 ਆਬਾਦੀ ਵਾਲੇ ਪਿੰਡ ਪੱਧਰੀ ਕਲਾਂ ਵਿਖੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਸਦਕਾ ਪਿੰਡ ਵਿਚ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਜੋ ਜਲਦੀ ਹੀ ਪੂਰੀ ਤਰ੍ਹਾਂ ਮੁਕੰਮਲ ਕਰਵਾ ਕੇ ਪਿੰਡ ਦੀ ਨਹਾਰ ਬਦਲ ਦਿੱਤੀ ਜਾਵੇਗੀ | ਪਿੰਡ ਪੱਧਰੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਸਰਪੰਚ ਸਲਵਿੰਦਰ ਸਿੰਘ ਪੱਧਰੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਹ ਪਿੰਡ ਵਿਕਾਸ ਪੱਖੋਂ ਬਹੁਤ ਪੱਛੜ ਚੁੱਕਾ ਸੀ ਅਤੇ ਇੱਥੇ ਕਈ ਵਿਕਾਸ ਦੇ ਕੰਮ ਹੋਣ ਵਾਲੇ ਸਨ, ਜਿਸ ਕਰਕੇ ਹੁਣ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਦੀ ਨਹਾਰ ਬਦਲਣ ਲਈ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਦਦੀਪ ਸਿੰਘ ਸੋਹਲ ਅਤੇ ਆਮ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਤੇ ਉਦਮ ਸਦਕਾ ਪਿੰਡ ਵਿਚ ਸ਼ੁਰੂ ਕੀਤੇ ਵਿਕਾਸ ਕੰਮਾਂ ਤਹਿਤ ਪਹਿਲਾਂ ਪਿੰਡ ਵਾਸੀਆਂ ਦੀ ਚਿਰਾਂ ਤੋਂ ਵੱਡੀ ਮੰਗ ਨੂੰ ਪੂਰਾ ਕਰਦਿਆਂ ਇੱਥੇ ਪਿੰਡ ਵਿਚ ਬਰਸਾਤਾਂ ਵੇਲੇ ਇਕੱਤਰ ਹੁੰਦੇ ਪਾਣੀ ਅਤੇ ਗੰਦੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਅਤੇ ਇਸ ਪਾਣੀ ਕਾਰਨ ਕਿਸਾਨਾਂ ਦੀਆਂ ਖਰਾਬ ਹੁੰਦੀਆਂ ਫਸਲਾਂ ਨੂੰ ਬਚਾਉਣ ਲਈ ਪਿੰਡ ਤੋਂ ਲਗਪਗ ਦੋ ਕਿਲੋਮੀਟਰ ਦੂਰ ਪੈਂਦੀ ਡਰੇਨ ਤੱਕ 40 ਲੱਖ ਦੀ ਕੀਮਤ ਨਾਲ ਬਣ ਰਹੇ ਪ੍ਰਾਜੈਕਟ ਲਈ 15 ਲੱਖ ਰੁਪਏ ਦੀ ਪਹਿਲੀ ਕਿਸ਼ਤ ਆ ਚੁੱਕੀ ਹੈ ਜਿਸ ਨਾਲ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ | ਜਦੋਂਕਿ ਪਿੰਡ ਦੇ ਛੱਪੜਾਂ ਤੱਕ ਪੋਰੇ ਪਾਏ ਜਾ ਚੁੱਕੇ ਹਨ ਅਤੇ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਮੁਹਈਆ ਕਰਨ ਵਾਸਤੇ ਵੀ ਪ੍ਰਾਜੈਕਟ 20 ਲੱਖ ਰੁਪਏ ਦੀ ਲਾਗਤ ਨਾਲ ਲਗਪਗ ਤਿਆਰ ਹੋ ਚੁੱਕਾ ਹੈ, ਜਿੱਥੇ ਕਿ ਮੋਟਰ ਲਗਾ ਕੇ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਨੂੰ ਪੱਕੀ ਕੰਕਰੀਟ ਦੀ ਬਣਾਇਆ ਗਿਆ ਹੈ ਅਤੇ ਕਿਸਾਨਾਂ ਦੀਆਂ ਬਹਿਕਾਂ ਨੂੰ ਜਾਣ ਵਾਲੇ ਕੱਚੇ ਰਸਤੇ ਪੱਕੇ ਬਣਾਏ ਗਏ ਹਨ | ਜਦੋਂ ਕਿ ਪਿੰਡ ਵਿਚ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਨਵੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ | ਇਸ ਨਾਲ ਪਿੰਡ ਨੂੰ ਨਵੀਂ ਦਿੱਖ ਮਿਲੇਗੀ | ਇਸ ਮੌਕੇ ਹਰਭਾਗ ਸਿੰਘ, ਰਸ਼ਪਾਲ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ, ਨਿਸ਼ਾਨ ਸਿੰਘ, ਕੁਲਵਿੰਦਰ ਕੌਰ, ਸੁਰਜੀਤ ਕੌਰ, ਪਿੰਕੀ, ਜਸਵਿੰਦਰ ਕੌਰ ਸਾਰੇ ਮੈਂਬਰ ਪੰਚਾਇਤ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |