ਝਬਾਲ, 21 ਸਤੰਬਰ (ਸਰਬਜੀਤ ਸਿੰਘ)-ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਦੇ ਦੋ ਵਿਦਿਆਰਥੀਆਂ ਦੀ ਚੋਣ ਪੰਜਾਬ ਪੱਧਰ 'ਤੇ ਨੈਟਬਾਲ ਲਈ ਹੋਣ ਦੇ ਨਾਲ ਹੀ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਵੀ ਮੱਲਾਂ ਮਾਰੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸਿਮਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਦੋ ਵਿਦਿਆਰਥੀਆਂ ਮੁਲਤਾਨ ਸਿੰਘ ਅਤੇ ਮੋਹਤਬੀਰ ਸਿੰਘ ਦੀ ਚੋਣ ਅੰਡਰ-17 ਨੈ?ਟ ਬਾਲ ਟੀਮ ਲਈ ਪੰਜਾਬ ਪੱਧਰ 'ਤੇ ਹੋਈ ਹੈ | ਇਸ ਤੋਂ ਇਲਾਵਾ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਹੋਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀ ਨਸੀਬ ਸਿੰਘ ਅਤੇ ਪ੍ਰਦੀਪ ਸਿੰਘ ਨੇ ਅੰਡਰ-14 ਵਿਚ ਤੀਸਰਾ ਸਥਾਨ ਅਤੇ ਅੰਡਰ-17 ਵਿਚ ਮਹਿਬਾਜ ਸਿੰਘ ਨੇ ਦੂਸਰਾ ਅਤੇ ਅਵੀਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਹੋਰ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਡੀ.ਪੀ.ਈ. ਲਖਬੀਰ ਸਿੰਘ ਦੀ ਗਵਾਹੀ ਹੇਠ ਵਿਦਿਆਰਥੀ ਖੇਡਾਂ ਵਿਚ ਸਕੂਲ ਦਾ ਨਾਂਅ ਦਿਨੋ ਦਿਨ ਤਰੱਕੀ ਵੱਲ ਲਿਜਾ ਰਹੇ ਹਨ, ਜੋ ਸਭ ਸਕੂਲ ਸਟਾਫ ਅਤੇ ਬੱਚਿਆਂ ਦੀ ਮਿਹਨਤ ਦਾ ਨਤੀਜਾ ਹੈ |