ਤਰਨ ਤਾਰਨ, 21 ਸਤੰਬਰ (ਇਕਬਾਲ ਸਿੰਘ ਸੋਢੀ)-ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਜਨਤਾ ਦੇ ਹੱਕਾਂ ਦੀ ਅਵਾਜ਼ ਉੱਚੀ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕੌਮੀ ਮਹਾਂ ਸੰਮੇਲਨ ਮੌਕੇ ਮੋਹਾਲੀ ਵਿਖੇ ਵਿਸ਼ਾਲ ਜਨਤਕ ਰੈਲੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਸੋਹਲ ਤੇ ਐਕਟਿੰਗ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚੋਂ 14 ਬੱਸਾਂ ਤੇ ਕਈ ਛੋਟੀਆਂ ਗੱਡੀਆਂ ਰੈਲੀ ਲਈ ਗੁਰਪ੍ਰੀਤ ਸਿੰਘ ਗੰਡੀਵਿੰਡ, ਨਰਿੰਦਰ ਅਲਗੋਂ, ਕਿਰਨਜੀਤ ਕੌਰ ਵਲਟੋਹਾ, ਚਰਨ ਸਿੰਘ, ਦੇਵੀ ਕੁਮਾਰੀ, ਕਾਰਜ ਸਿੰਘ ਕੈਰੋਂ, ਵਿਸ਼ਾਲ ਦੀਪ ਵਲਟੋਹਾ, ਗੁਰਬਿੰਦਰ ਸਿੰਘ ਸੋਹਲ ਦੀ ਅਗਵਾਈ ਵਿਚ ਬੱਸਾਂ ਗੱਡੀਆਂ ਰਵਾਨਾ ਹੋਈਆਂ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ | ਪੰਜਾਬ ਵਿਚ ਹੜ੍ਹਾਂ ਦੀ ਮਾਰ ਨੇ ਸਰਕਾਰ ਦੀਆਂ ਨਾਕਾਮੀਆਂ ਜੱਗ ਜਾਹਿਰ ਕਰ ਦਿੱਤੀਆਂ ਹਨ | ਨਸ਼ਿਆਂ, ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ ਤੇ ਗੈਂਗਸਟਰ ਵਰਗੀਆਂ ਅਲਾਮਤਾਂ ਪੰਜਾਬ ਨੂੰ ਤਬਾਹ ਕਰ ਰਹੀਆਂ ਹਨ | ਅੱਜ ਦੇਸ਼ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰੀ ਕਰਕੇ ਪੁੱਠੇ ਰਾਹ ਜਾਣ ਲਈ ਮਜ਼ਬੂਰ ਹਨ | ਭਾਰਤੀ ਕਮਿਊਨਿਸਟ ਪਾਰਟੀ ਆਪਣੇ 25ਵੇਂ ਮਹਾਂ ਸੰਮੇਲਨ ਮੌਕੇ ਅੱਜ ਦੇ ਦੌਰ ਅਨੁਸਾਰ ਆਰਥਿਕ, ਸਮਾਜਿਕ ਸਥਿਤੀਆਂ ਬਾਰੇ ਵਿਚਾਰ ਕਰੇਗੀ | ਉਨ੍ਹਾਂ ਕਿਹਾ ਕਿ ਘੱਟੋ ਘੱਟ ਉਜਰਤ 26000 ਕਰਨਾ ਸਮੇਂ ਦੀ ਲੋੜ ਹੈ | ਬੁਢਾਪਾ ਪੈਨਸ਼ਨ 10000 ਰੁਪਏ ਹਰ ਬਜ਼ੁਰਗ ਜ਼ਰੂਰ ਮਿਲਣੀ ਚਾਹੀਦੀ ਹੈ | ਕਮਿਊਨਿਸਟ ਪਾਰਟੀ ਦੀ ਇਹ ਕੌਮੀ ਕਾਨਫਰੰਸ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗੀ |