ਭਿੱਖੀਵਿੰਡ, 16 ਅਕਤੂਬਰ (ਬੌਬੀ)- ਇਕ ਪਾਸੇ ਜਿੱਥੇ ਤਾਮਿਲਨਾਡੂ ਸਰਕਾਰ ਵਲੋਂ ਆਪਣੇ ਸੂਬੇ ਦੀ ਬੋਲੀ ਨੂੰ ਬਚਾਉਣ ਲਈ ਹਿੰਦੀ ਫਿਲਮਾਂ ਅਤੇ ਹਿੰਦੀ 'ਤੇ ਬੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਅੰਦਰ ਹੋ ਰਹੀ ਤਰਨ ਤਾਰਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਪ੍ਰਚਾਰ ਲਈ ਜੋ ਝੰਡੇ ਵਰਤ ਰਹੀ ਹੈ, ਉਸ ਤੋਂ ਪੰਜਾਬੀ ਪੂਰੀ ਤਰ੍ਹਾਂ ਗਾਇਬ ਹੈ ਅਤੇ ਉਸ ਤੇ ਪਤਾ ਨਹੀਂ ਕਿਸ ਭਾਸ਼ਾ ਵਿਚ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਗਿਆ ਹੈ, ਜਿਸ ਨੂੰ ਵੇਖ ਕੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਹੈਰਾਨ ਹਨ ਕਿ ਚੋਣਾਂ ਪੰਜਾਬ ਅੰਦਰ ਹੋ ਰਹੀਆਂ ਹਨ, ਨਾ ਕਿ ਬਿਹਾਰ ਜਾਂ ਗੁਜਰਾਤ ਅੰਦਰ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਲੱਗੇ ਝੰਡਿਆਂ ਨੂੰ ਵਿਖਾਉਂਦਿਆਂ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਤਰਨਤਾਰਨ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤਣਗੇ | ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁੱਖ ਸਿੰਘ, ਪਿੰਡ ਸਾਂਧਰਾ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਗੋਰਾ, ਯੂਥ ਕਾਂਗਰਸ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਦਿਆਲਪੁਰਾ, ਸਾਰਜ ਸਿੰਘ ਦਾਸੂਵਾਲ ਸਮੇਤ ਜਗਮਲ ਸਿੰਘ ਕਾਜੀ ਚੱਕ ਹਾਜ਼ਰ ਸਨ |