ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਵਿਖੇ ਚੈਕਿੰਗ ਦੌਰਾਨ ਜੇਲ੍ਹ ਵਿਚੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ 5 ਵਿਅਕਤੀਆਂ ਤੋਂ ਇਲਾਵਾ 1 ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 13 ਅਕਤੂਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਅਰਸ਼ਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪੱਟੀ ਪਾਸੋਂ ਇਕ ਮੈਮਰੀ ਕਾਰਡ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ 14 ਅਕਤੂਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀਆਂ ਧਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਢੋਟਾ, ਓਮ ਪ੍ਰਕਾਸ਼ ਪੁੱਤਰ ਨਛੱਤਰ ਸਿੰਘ ਵਾਸੀ ਢੋਟਾ, ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖੈਰਦੀਨੇਕੇ, ਜਗਰੂਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਵੜਿੰਗ ਸੂਬਾ ਸਿੰਘ, ਅਰਸ਼ਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਪਾਸੋਂ 2 ਕੀਪੈਡ ਮੋਬਾਈਲ ਫੋਨ, 44 ਤੰਬਾਕੂ ਪੁੜੀਆਂ, 18 ਬੰਡਲ ਬੀੜੀਆਂ, 4 ਹੀਟਰ ਸਪਰਿੰਗ, 3 ਸਿਗਰਟਾ, 1 ਚਾਰਜਰ ਬਰਾਮਦ ਕੀਤਾ ਗਿਆ ਹੈ | ਥਾਣਾ ਗੋਇੰਦਵਾਲ ਦੇ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇਨ੍ਹਾਂ ਪਾਸ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਜੇਲ੍ਹ ਵਿਚ ਕਿਸ ਤਰ੍ਹਾਂ ਪਹੁੰਚਿਆ |