ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਦਾ ਪੂਰੇ ਉਤਸ਼ਾਹ ਅਤੇ ਸਫ਼ਲਤਾ ਨਾਲ ਕਰਵਾਈ ਗਈ | ਇਸ ਮੌਕੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮਿਲਣੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਪੜ੍ਹਾਈ, ਸਿਹਤ ਅਤੇ ਬਿਹਤਰ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ, ਐਲੀਮੈਂਟਰੀ), ਸਤਨਾਮ ਸਿੰਘ ਬਾਠ ਨੇ ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੌਹਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਵਲਟੋਹਾ ਸਕੂਲਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਦੀ ਤਰੱਕੀ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਘਰ ਵਿਚ ਪੜ੍ਹਾਈ ਲਈ ਢੁਕਵਾਂ ਮਾਹੌਲ ਪ੍ਰਦਾਨ ਕਰਨ ਅਤੇ ਸਮੇਂ-ਸਮੇਂ 'ਤੇ ਸਕੂਲ ਨਾਲ ਸੰਪਰਕ ਬਣਾਈ ਰੱਖਣ | ਇਸ ਦੌਰਾਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰਾਂ ਵਲੋਂ ਵੀ ਆਪਣੇ-ਆਪਣੇ ਬਲਾਕ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਨੇ ਮਾਪੇ-ਅਧਿਆਪਕ ਮਿਲਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਜਾਣਨ ਲਈ ਪੂਰੇ ਉਤਸ਼ਾਹ ਨਾਲ ਸਕੂਲ ਪਹੁੰਚੇ | ਇਸ ਮੌਕੇ ਤਰਸੇਮ ਸਿੰਘ, ਸੁਖਬੀਰ ਸਿੰਘ, ਪਿ੍ੰਸੀਪਲ ਡਿੰਪਲ ਅਗਰਵਾਲ ਅਤੇ ਇੰਚਾਰਜ ਅਮਨਦੀਪ ਕੌਰ ਹਾਜ਼ਰ ਸਨ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਐਲੀਮੈਂਟਰੀ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਵਲਟੋਹਾ ਪਾਰਸ ਖੁੱਲਰ ਨਾਲ ਮਿਲ ਕੇ ਵਲਟੋਹਾ ਦੇ ਸਰਕਾਰੀ ਕੰਨਿਆ ਹੋਸਟਲਾਂ ਦਾ ਦੌਰਾ ਵੀ ਕੀਤਾ ਗਿਆ |