ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਬੁਲਾਰੇ ਪੰਜਾਬ ਸਟੇਟ ਕਮੇਟੀ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ, ਕੰਵਰ ਹਰਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਵਿਚ 'ਜੰਗਲ ਰਾਜ' ਸਥਾਪਤ ਹੋ ਗਿਆ ਹੈ | 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਗੁੰਡਾਗਰਦੀ, ਨਸ਼ਾਖੋਰੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭਿ੍ਸ਼ਟਾਚਾਰ ਮਜ਼ਬੂਤ ਹੋਇਆ ਹੈ | ਚੋਣਾਂ ਤੋਂ ਪਹਿਲਾਂ ਭਿ੍ਸ਼ਟਾਚਾਰ ਨੂੰ ਖਤਮ ਕਰਨ ਦੇ ਵਾਅਦੇ ਕਰਨ ਦੇ ਬਾਵਜੂਦ ਇਸ ਸਰਕਾਰ ਦੇ ਕਈ ਅਧਿਕਾਰੀ ਭਿ੍ਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਿਲ ਪਾਏ ਗਏ ਹਨ | ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਹਰ ਰੋਜ਼ ਬੰਦੂਕ ਦੀ ਨੋਕ 'ਤੇ ਲੁੱਟਿਆ ਜਾ ਰਿਹਾ ਹੈ | ਵਿਰੋਧੀ ਧਿਰ ਨਾਲ ਜੁੜੀਆਂ ਪੰਚਾਇਤਾਂ ਨੂੰ ਤੰਗ ਕੀਤਾ ਜਾ ਰਿਹਾ ਹੈ | ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਆਪਣੇ ਹੁਕਮ ਲਾਗੂ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਲੋਕ ਦੁਖੀ ਹਨ | ਪੰਜਾਬ ਵਿਕਾਸ ਅਤੇ ਆਰਥਿਕ ਤੌਰ 'ਤੇ ਦੋਵਾਂ ਪੱਖਾਂ ਤੋਂ ਪੱਛੜ ਗਿਆ ਹੈ | ਤਰਨ ਤਾਰਨ ਦੇ ਲੋਕ ਵਿਗੜਦੀ ਕਾਨੂੰਨ ਵਿਵਸਥਾ, ਨਸ਼ਿਆਂ ਨਾਲ ਸੰਬੰਧਿਤ ਮੌਤਾਂ ਅਤੇ ਹਰ ਮੋਰਚੇ 'ਤੇ ਸਰਕਾਰ ਦੀ ਅਸਫ਼ਲਤਾ ਤੋਂ ਬਹੁਤ ਦੁਖੀ ਹਨ | ਉਹ 11 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਵਿਚ ਸਰਕਾਰ ਵਿਰੁੱਧ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ ਅਤੇ 2027 ਦੀਆਂ ਚੋਣਾਂ ਵਿਚ 'ਆਪ' ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ |