ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਅਤੇ ਪਾਰਟੀ ਦੇ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਜੌਹਲ ਦੀ ਅਗਵਾਈ 'ਚ ਅੱਜ ਤਰਨ ਤਾਰਨ ਹਲਕੇ ਦੇ 20 ਤੋਂ 22 ਵੱਖ-ਵੱਖ ਪਿੰਡਾਂ ਇਕ ਵਿਸ਼ਾਲ ਰੋਡ ਸ਼ੋਅ ਨਿਕਲਿਆ | ਇਸ ਰੋਡ ਸ਼ੋਅ ਦੌਰਾਨ ਸੈਂਕੜਿਆਂ ਵਾਹਨਾਂ ਦਾ ਕਾਫਲਾ ਜਦੋਂ ਪਿੰਡਾਂ ਦੀਆਂ ਗਲੀਆਂ 'ਚੋਂ ਲੰਘਿਆ, ਤਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਿਰੋਪਾਓ ਪਾ ਕੇ ਸਵਾਗਤ ਕਰਕੇ ਆਪਣਾ ਪੰਥਕ ਜੋਸ਼ ਪ੍ਰਗਟਾਇਆ | ਇਹ ਸਮੇਂ ਉਨ੍ਹਾਂ ਦੇ ਨਾਲ ਮੁੱਖ ਤੌਰ 'ਤੇ ਭਾਈ ਮਨਦੀਪ ਸਿੰਘ ਭਰਾਤਾ ਸ਼ਹੀਦ ਭਾਈ ਦੀਪ ਸਿੱਧੂ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਚਮਕੌਰ ਸਿੰਘ ਧੁੰਨ ਅਤੇ ਹੋਰ ਸੈਂਕੜੇ ਆਗੂ ਅਤੇ ਵਰਕਰ ਹਾਜ਼ਰ ਸਨ | ਪਿੰਡਾਂ 'ਚੋਂ ਨਿਕਲੇ ਇਸ ਵਿਸ਼ਾਲ ਕਾਫਲੇ ਨੇ ਸਾਬਤ ਕੀਤਾ ਕਿ ਪੰਜਾਬ ਦੇ ਲੋਕ ਹੁਣ ਝੂਠੇ ਵਾਅਦਿਆਂ, ਖਾਲੀ ਦਾਵਿਆਂ ਤੇ ਭਰਮਾਂ ਤੋਂ ਤੰਗ ਆ ਚੁੱਕੇ ਹਨ ਅਤੇ ਸੱਚੇ ਪੰਥਕ ਅਤੇ ਕੌਮੀਂ ਹਿੱਤਾਂ ਦੇ ਹੱਕ ਵਿਚ ਇਕਜੁੱਟ ਹੋ ਰਹੇ ਹਨ | ਭਾਈ ਮਨਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਤਰਨ ਤਾਰਨ ਦੀ ਧਰਤੀ ਹਮੇਸ਼ਾਂ ਪੰਥਕ ਜਾਗਰੂਕਤਾ ਦਾ ਕੇਂਦਰ ਰਹੀ ਹੈ ਅਤੇ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਲੋਕ ਗੁਰੂ ਸਾਹਿਬਾਨ ਦੇ ਸਿਧਾਂਤਾਂ 'ਤੇ ਚਲਣ ਵਾਲੀ ਰਾਜਨੀਤੀ ਨੂੰ ਹੀ ਆਪਣਾ ਸਮਰਥਨ ਦੇਣਗੇ | ਅੱਜ ਦਾ ਇਹ ਰੋਡ ਸ਼ੋਅ ਇਸ ਗੱਲ ਦਾ ਐਲਾਨ ਹੈ ਕਿ ਪੰਜਾਬ ਦੀ ਜਾਗਦੀ ਜਨਤਾ ਹੁਣ ਉਨ੍ਹਾਂ ਸਾਰੀਆਂ ਤਾਕਤਾਂ ਨੂੰ ਰੱਦ ਕਰੇਗੀ ਜੋ ਪੰਥ ਅਤੇ ਪੰਜਾਬ ਦੀ ਜੜ੍ਹਾਂ ਕੱਟਣ 'ਤੇ ਤੁਲੀਆਂ ਹੋਈਆਂ ਹਨ | ਭਾਈ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਇਹ ਸਮਰਥਨ ਕੇਵਲ ਚੋਣੀ ਸਮਰਥਨ ਨਹੀਂ, ਸਗੋਂ ਇਕ ਨਵੀਂ ਪੰਥਕ ਚੇਤਨਾ ਦਾ ਪ੍ਰਤੀਕ ਹੈ |