ਲੁਧਿਆਣਾ, 15 ਜੂਨ (ਭੁਪਿੰਦਰ ਸਿੰਘ ਬੈਂਸ)-ਪੰਜਾਬ ਦਾ ਮੁੱਖ ਮੰਤਰੀ ਤਾਂ ਇਕ ਮਖੌਟਾ ਹੈ, ਜਦ ਕਿ ਅਸਲ 'ਚ ਸੂਬੇ ਵਿਚ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੋ ਇਥੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ 'ਤੇ ਪੱੁਜੇ ਸਨ, ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੰੂ ਆਪਣੇ ਤਿੰਨ ਸਾਲ ਦੇ ਰਾਜ 'ਚ ਹਾਲੇ ਤੱਕ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਆਗੂਆਂ ਵਲੋਂ ਸੱਤਾ ਵਿਚ ਆਉਣ 'ਤੇ ਵੀ. ਆਈ. ਪੀ. ਕਲਚਰ ਨੂੰ ਖ਼ਤਮ ਕਰਨ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਗਈਆਂ, ਪਰ ਮੌਜੂਦਾ ਸਮੇਂ ਦਿੱਲੀ ਦੇ ਆਗੂ ਪੰਜਾਬ 'ਚ ਬੈਠ ਕੇ ਪੰਜਾਬ ਦੀ ਜਨਤਾ ਦੇ ਪੈਸਿਆਂ ਨਾਲ ਸੂਬੇ ਵਿਚ ਗੱਡੀਆਂ, ਬੰਗਲਿਆਂ ਦਾ ਆਨੰਦ ਮਾਣ ਰਹੇ ਹਨ ਤੇ ਇਨ੍ਹਾਂ ਦੇ ਸੈਂਕੜੇ ਗੱਡੀਆਂ ਦੇ ਕਾਫ਼ਲੇ ਪੰਜਾਬ ਦੀ ਜਨਤਾ ਦੀ ਕਮਾਈ ਨਾਲ ਇਥੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸਾਢੇ ਤਿੰਨ ਸਾਲ ਦੇ ਰਾਜ 'ਚ ਸੂਬੇ ਵਿਚੋਂ ਨਸ਼ਾ ਨਹੀਂ ਖ਼ਤਮ ਕਰ ਸਕੀ, ਉਲਟਾ 'ਆਪ' ਆਗੂਆਂ ਨੇ ਨਸ਼ਾ ਕਾਰੋਬਾਰੀਆਂ ਨਾਲ ਮਿਲ ਕੇ ਪੰਜਾਬ ਨੂੰ ਹੋਰ ਨਸ਼ੇ ਵੱਲ ਧੱਕ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ 'ਆਪ' ਆਗੂਆਂ ਨੇ ਪੰਜਾਬ ਵਿਚ ਭਿ੍ਸ਼ਟਾਚਾਰ ਨੂੰ ਵਧਾ ਕੇ ਇਸ ਨੂੰ ਚਾਰ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠ ਦਬਾ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ 'ਆਪ' ਦੇ ਆਗੂਆਂ ਨੂੰ ਦੇਸ਼, ਜਨਤਾ ਨਾਲ ਪਿਆਰ ਨਹੀਂ ਹੈ, ਇਨ੍ਹਾਂ ਦਾ ਮਕਸਦ ਕੇਵਲ ਸੱਤਾ ਸੁੱਖ ਪਾਉਣਾ ਹੈ | ਪਰ ਹੁਣ ਪੰਜਾਬ ਦੀ ਜਨਤਾ 'ਆਪ' ਦੇ ਝੂਠੇ ਵਾਅਦਿਆਂ ਦੀ ਰਾਜਨੀਤੀ ਨੂੰ ਸਮਝ ਚੁੱਕੀ ਹੈ ਤੇ ਉਹ ਸੂਬੇ ਵਿਚ ਆਗਾਮੀ 2027 ਵਿਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਨੂੰ ਸੱਤਾ 'ਚੋਂ ਬਾਹਰ ਕੱਢ ਦੇਵੇਗੀ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ ਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਲੁਧਿਆਣਾ ਪੱਛਮੀ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਜਿੱਤ ਕੇ ਪੰਜਾਬ ਵਿਚ ਭਾਜਪਾ ਦੀ 2027 ਵਿਚ ਸਰਕਾਰ ਬਣਨ ਦੀ ਨੀਂਹ ਰੱਖਣਗੇ | ਇਸ ਮੌਕੇ ਅਵਿਨਾਸ਼ ਰਾਏ ਖੰਨਾ, ਡਾ. ਨਰਿੰਦਰ ਸਿੰਘ ਰੈਣਾ, ਆਰ.ਪੀ. ਸਿੰਘ, ਜੈਇੰਦਰ ਕੌਰ, ਅਨਿਲ ਸਰੀਨ, ਜੀਵਨ ਗੁਪਤਾ, ਰਜਨੀਸ਼ ਧੀਮਾਨ, ਵਿਨੀਤ ਜੋਸ਼ੀ, ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼, ਡਾ. ਨਿਰਮਲ ਨਈਅਰ, ਨਵਲ ਜੈਨ ਵੀ ਮੌਜੂਦ ਸਨ |