ਕਾਂਗਰਸੀ ਵਰਕਰਾਂ 'ਚ ਜੋਸ਼ ਦੀ ਲਹਿਰ, ਸਿਖਰਾਂ 'ਤੇ ਪਹੁੰਚਿਆ ਚੋਣ ਪ੍ਰਚਾਰ ਦੇਖ ਵਿਰੋਧੀਆਂ ਨੂੰ ਆਉਣ ਲੱਗੇ ਪਸੀਨੇ- ਆਸ਼ੂ
ਅਜੀਤ ਡੈਸਕ
16-06-2025
ਲੁਧਿਆਣਾ, 15 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕੇ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਹਲਕਾ ਪੱਛਮੀ ਦੇ ਵੱਖ-ਵੱਖ ਇਲਾਕਿਆਂ ਵਿਚ ਚੋਣ ਪ੍ਰਚਾਰ ਕੀਤਾ | ਕਾਂਗਰਸੀ ਵਰਕਰਾਂ ਵਲੋਂ ਆਸ਼ੂ ਦੇ ਹੱਕ ਵਿਚ ਲਾਇਨਜ਼ ਕਲੱਬ ਵਿਖੇ ਕੌਂਸਲਰ ਸੰਨੀ ਭੱਲਾ ਅਤੇ ਦੀਪਿਕਾ ਭੱਲਾ, ਅਸ਼ੋਕ ਨਗਰ ਵਿਖੇ ਪੂਨਮ ਮਲਹੋਤਰਾ ਅਤੇ ਇਕਬਾਲ ਸਿੰਘ ਸੋਨੂੰ ਡੀਕੋ ਤੇ ਸੁਨੇਤ ਇਲਾਕੇ ਵਿਖੇ ਸਥਾਨਕ ਨਿਵਾਸੀਆਂ ਵਲੋਂ ਕਰਵਾਈਆਂ ਚੋਣ ਮੀਟਿੰਗਾਂ 'ਚ ਵੱਡਾ ਇਕੱਠ ਦੇਖਣ ਨੂੰ ਮਿਲਿਆ | ਇਸ ਮੌਕੇ ਆਸ਼ੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣ ਰੈਲੀਆਂ ਵਿਚ ਪਿਛਲੇ ਤਿੰਨ ਸਾਲਾਂ ਵਿਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਆਸ਼ੂ ਤੋਂ ਹੀ ਆਪਣਾ ਭਾਸ਼ਣ ਸ਼ੁਰੂ ਕਰਦੇ ਹਨ ਤੇ ਆਸ਼ੂ-ਆਸ਼ੂ ਕਰਕੇ ਖਤਮ ਕਰ ਕੇ ਭਾਸ਼ਣ ਖਤਮ ਕਰਦੇ ਹਨ | ਉਨ੍ਹਾਂ ਕਿਹਾ ਕਿ ਇਉਂ ਲੱਗਦਾ ਜਿਵੇਂ ਦੋਨੋਂ ਆਗੂ ਆਸ਼ੂ ਫੋਬੀਏ ਦਾ ਸ਼ਿਕਾਰ ਹੋ ਚੁੱਕੇ ਹੋਣ | ਆਸ਼ੂ ਨੇ ਕਿਹਾ ਕਿ ਕੇਜਰੀਵਾਲ ਆਸ਼ੂ ਤੋਂ ਪਤਾ ਨਹੀਂ ਕਿਉਂ ਏਨਾ ਡਰਦਾ ਹੈ ਕਿ ਉਸ ਨੂੰ ਆਸ਼ੂ ਤੋਂ ਵਗੈਰ ਕੁੱਝ ਦਿਖਾਈ ਹੀ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਉਹ ਆਸ਼ੂ ਦਾ ਨਾਮ ਲੈਣ ਦੀ ਬਜਾਏ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਤਾਂ ਉਸ ਦੇ ਸਾਰੇ ਕਸ਼ਟ ਕੱਟੇ ਜਾਂਦੇ, ਜਿਹੜੇ ਉਸ ਨੇ ਪੰਜਾਬ ਦੇ ਲੋਕਾਂ ਨਾਲ ਧੋ੍ਰਹ ਕਰਕੇ ਕਮਾਏ ਹਨ | ਉਨ੍ਹਾਂ ਪੰਜਾਬ ਦੇ ਆਰਥਿਕ ਦੀਵਾਲੀਏਪਨ ਵੱਲ ਵਧਦੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਕਲੀ ਇਨਕਲਾਬ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ | ਆਸ਼ੂ ਨੇ ਕੇਜਰੀਵਾਲ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਹਲਕਾ ਪੱਛਮੀ ਦੀ ਚੋਣ ਜਿੱਤਣਾ ਨਹੀਂ ਚਾਹੁੰਦੀ, ਸਗੋਂ ਚੋਣ ਲੁੱਟਣਾ ਚਾਹੁੰਦੀ ਹੈ | ਵਿਧਾਨ ਸਭਾ ਹਲਕਾ ਪੱਛਮੀ ਵਿਚ 17000 ਵੋਟਾਂ ਚੁੱਣ-ਚੁੱਣ ਕੇ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਦਿੱਲੀ ਤੋਂ ਕੇਜਰੀਵਾਲ ਵਲੋਂ ਬੁਲਾਏ ਗਏ ਗੁੰਡਿਆਂ ਦੇ ਇਸ਼ਾਰੇ 'ਤੇ ਥਾਣਿਆਂ ਵਿਚ ਤਾਇਨਾਤ ਮੁਨਸ਼ੀ ਤੋਂ ਲੈ ਕੇ ਪੁਲਿਸ ਕਮਿਸ਼ਨਰ ਤੱਕ ਸਾਰਿਆਂ ਨੂੰ ਵੋਟਰ ਸੂਚੀਆਂ ਸੌਂਪ ਕੇ ਕਾਂਗਰਸੀ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਭਾਰਤ ਭੂਸ਼ਣ ਆਸ਼ੂ ਨੇ ਅੱਗੇ ਕਿਹਾ ਕਿ ਇਸ ਸਭ ਦੇ ਬਾਵਜੂਦ ਹਲਕਾ ਪੱਛਮੀ ਦੇ ਵੋਟਰ ਤੇ ਸਪੋਟਰ ਉਸ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਪੂਰੇ ਦਿ੍ੜ੍ਹ ਤੇ ਪੱਕੇ ਇਰਾਦੇ ਨਾਲ ਇਹ ਜ਼ਿਮਨੀ ਚੋਣ ਜਿੱਤਣਗੇ | ਆਸ਼ੂ ਨੇ ਕਿਹਾ ਕਿ ਇਹ ਜਿੱਤ ਲੁਧਿਆਣਾ ਪੱਛਮੀ ਹਲਕੇ ਦੇ ਹਰ ਵੋਟਰ ਦੀ ਜਿੱਤ ਹੋਵੇਗੀ, ਕਿਉਂਕਿ ਲੁਧਿਆਣਾ ਦੇ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਇਸ ਮੱਕਾਰ ਪਾਰਟੀ ਦੀ ਅਸਲੀਅਤ ਜਾਣ ਚੁੱਕੇ ਹਨ | ਭਾਰਤ ਭੂਸ਼ਣ ਆਸ਼ੂ ਦੀ ਜਿੱਤ ਯਕੀਨੀ ਬਣਾਉਣ ਲਈ ਕਾਂਗਰਸ ਪਾਰਟੀ ਦੇ ਉੱਘੇ ਆਗੂ ਦਿਨ ਰਾਤ ਹਲਕੇ ਪੱਛਮੀ ਦੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਚੰਨੀ, ਅਮੇਠੀ ਤੋਂ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਤਿ੍ਪਤ ਰਜਿੰਦਰ ਬਾਜਵਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਆਗੂ ਵਿਕਰਮ ਸਿੰਘ ਬਾਜਵਾ, ਰਾਹੁਲ ਇੰਦਰ ਸਿੰਘ ਭੱਠਲ, ਯੁਵਾ ਆਗੂ ਬਰਿੰਦਰ ਸਿੰਘ ਢਿੱਲੋਂ, ਈਸ਼ਵਰਜੋਤ ਚੀਮਾ, ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਡਾ. ਹਰੀ ਸਿੰਘ ਬਰਾੜ, ਮਨਦੀਪ ਸਿੰਘ ਲੇਖੀ, ਦਰਸ਼ਨ ਡਾਬਰ, ਕਰਨ ਵੜਿੰਗ, ਦਰਸ਼ਨ ਸਿੰਘ ਢਿਲਵਾਂ ਨੇ ਹਲਕੇ ਦੇ ਵੱਖ-ਵੱਖ ਮੁਹੱਲਿਆਂ ਦੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਆਸ਼ੂ ਲਈ ਵੋਟਾਂ ਮੰਗੀਆਂ |