ਲੁਧਿਆਣਾ, 15 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ, ਚੋਣ ਮੈਦਾਨ ਤਾਂ ਭਖਦਾ ਜਾ ਹੀ ਰਿਹਾ ਹੈ | ਉਮੀਦਵਾਰਾਂ ਦੇ ਸਮਰਥਕਾਂ ਵਲੋਂ ਇਕ ਦੂਜੇ 'ਤੇ ਪੋਸਟਰ ਪਾੜਨ ਅਤੇ ਉਤਾਰਨ ਦੇ ਦੋਸ਼ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਇਸ ਕੜੀ ਦੇ ਤਹਿਤ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਭਾਰਤ ਭੂਸ਼ ਣ ਆਸ਼ੂ ਦੇ ਚੋਣ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜਿੱਥੇ ਦੋਸ਼ ਲਗਾਉਂਦੇ ਹੋਏ ਇਸ ਨੂੰ ਵਿਰੋਧੀ ਪਾਰਟੀਆਂ ਦੀ ਹਾਰ ਦਾ ਨਤੀਜਾ ਦੱਸਿਆ, ਉੱਥੇ ਹੀ ਸਰਕਾਰੀ ਅਫ਼ਸਰਾਂ ਦੇ ਇਸ ਧੱਕੇਸ਼ਾਹੀ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰੀ ਅਫ਼ਸਰ ਚੋਣ ਜ਼ਾਬਤੇ ਵਿਚ ਰਹਿ ਕੇ ਨਿਰਪੱਖ ਡਿਊਟੀ ਕਰਨ, ਨਾ ਕਿ ਕਿਸੇ ਪਾਰਟੀ ਦੇ ਵਰਕਰ ਬਣ ਕੇ | ਰਾਣਾ ਗੁਰਜੀਤ ਨੇ ਸਾਰੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਤਕੜੇ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਅਜਿਹੀ ਘਟਨਾ ਵਾਪਰਦੀ ਹੈ ਜਾਂ ਕੋਈ ਵਿਅਕਤੀ ਜਾਂ ਅਫ਼ਸਰ ਨਿੱਜੀ ਤੌਰ 'ਤੇ ਸਾਡੇ ਪੋਸਟਰ ਜਾਂ ਫਲੈਕਸ ਪਾੜਦਾ ਹੈ ਤਾਂ ਤੁਰੰਤ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ | ਰਾਣਾ ਗੁਰਜੀਤ ਸਿੰਘ ਨੇ ਕਿਹਾ ਤੁਰੰਤ ਇਸ ਦੀ ਸ਼ਿਕਾਇਤ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਜਾ ਰਹੀ ਹੈ |