ਲੁਧਿਆਣਾ, 15 ਜੂਨ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਸਾਬਕਾ ਸੂਬਾ ਸਕੱਤਰ ਤੇ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਸ਼ਹਿਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ 19 ਜੂਨ ਨੰੂ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਲਈ ਚੋਣ ਪ੍ਰਚਾਰ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਦੇ ਲੋਕਾਂ ਦਾ ਭਾਜਪਾ ਪ੍ਰਤੀ ਪਿਆਰ ਨੰੂ ਦੇਖਦਿਆਂ ਇਸ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਜਿੱਤ ਯਕੀਨੀ ਹੈ | ਉਨ੍ਹਾਂ ਕਿਹਾ ਕਿ ਉਕਤ ਜ਼ਿਮਨੀ ਚੋਣ ਵਿਚ ਦੂਜੀ ਸਿਆਸੀ ਪਾਰਟੀਆਂ ਵਲੋਂ ਧਨਾੜ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ, ਪਰ ਭਾਜਪਾ ਦੇ ਜੀਵਨ ਗੁਪਤਾ ਸਾਧਾਰਨ ਸ਼ਖਸੀਅਤ ਦੇ ਮਾਲਕ ਹਨ ਤੇ ਉਹ ਜ਼ਮੀਨੀ ਪੱਧਰ 'ਤੇ ਇਲਾਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਜੀਵਨ ਗੁਪਤਾ ਦੀ ਜਿੱਤ ਸੂਬੇ ਵਿਚ 2027 ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਨੀਂਹ ਰੱਖੇਗੀ | ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਵੋਟ ਮੰਗਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ, ਜਿਨ੍ਹਾਂ ਨੰੂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਪਤਾ ਨਹੀਂ, ਉਨ੍ਹਾਂ ਨੰੂ ਪੰਜਾਬ ਦੇ ਸਭਿਆਚਾਰ ਦੀ ਕੀ ਸਮਝ ਹੋਵੇਗੀ ਤੇ ਉਹ ਕਿਸ ਤਰ੍ਹਾਂ ਨਾਲ ਪੰਜਾਬ ਦਾ ਵਿਕਾਸ ਕਰ ਸਕਣਗੇ |