ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਜ ਜ਼ਿਲੇ੍ਹ ਭਰ ਦੇ ਆਮ ਆਦਮੀ ਕਲੀਨਿਕਾਂ 'ਚ ਤਾਇਨਾਤ ਮੈਡੀਕਲ ਅਫ਼ਸਰਾਂ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਸਰਕਾਰ ਦੀ ਪਹੰੁਚਣਯੋਗ, ਬਰਾਬਰੀ ਵਾਲੀ ਅਤੇ ਮਿਆਰੀ ਸਿਹਤ ਸੰਭਾਲ ਪ੍ਰਤੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ ਗਰਭ ਅਵਸਥਾ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਦੇ ਪ੍ਰਭਾਵਸ਼ਾਲੀ ਰੋਲ ਆਊਟ 'ਤੇ ਕੇਂਦਰਿਤ ਸੀ | ਸੈਸ਼ਨ ਦਾ ਉਦਘਾਟਨ ਡਾ. ਹਿਤਿੰਦਰ ਕੌਰ, ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ ਨੇ ਕੀਤਾ | ਇਸ ਮੌਕੇ ਡਾ. ਹਿਤਿੰਦਰ ਕੌਰ ਨੇ ਆਮ ਆਦਮੀ ਕਲੀਨਿਕ ਰਾਹੀਂ ਰੋਕਥਾਮ 'ਤੇ ਪ੍ਰਚਾਰਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਸੈਸ਼ਨ ਵਿਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਮਿਊਨਿਟੀ ਆਊਟਰੀਚ ਅਤੇ ਵਿਵਹਾਰਿਕ ਤਬਦੀਲੀ ਸੰਚਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਮ ਆਦਮੀ ਕਲੀਨਿਕਾਂ ਵਿਚ ਸੇਵਾਵਾਂ ਰੁਟੀਨ ਓ.ਪੀ.ਡੀਜ਼ ਤੋਂ ਅੱਗੇ ਵਧਣ ਅਤੇ ਭਰੋਸੇ ਦਾ ਕੇਂਦਰ ਬਣਨ | ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਨਵੇਂ ਵਿਕਸਤ ਸੇਵਾ ਡਿਲਿਵਰੀ ਪੋ੍ਰਟੋਕਾਲ, ਰੈਫਰਲ ਲਿੰਕੇਜ, ਫਾਲੋ-ਅੱਪ ਵਿਧੀਆਂ ਅਤੇ ਡਾਟਾ ਰਿਪੋਰਟਿੰਗ ਟੂਲਜ਼ ਬਾਰੇ ਚਰਚਾ ਕੀਤੀ | ਸੈਸ਼ਨ 'ਚ ਗਰਭ ਅਵਸਥਾ ਦੀ ਛੇਤੀ ਰਜਿਸਟ੍ਰੇਸ਼ਨ, ਜਨਮ ਦੀ ਤਿਆਰੀ, ਜਣੇਪੇ ਤੋਂ ਬਾਅਦ ਦੀ ਦੇਖਭਾਲ, ਪਰਿਵਾਰ ਨਿਯੋਜਨ ਵਿਚ ਵਿਧੀ-ਮਿਸ਼ਰਣ ਪਹੁੰਚ ਅਤੇ ਉੱਚ-ਜੋਖਮ ਵਾਲੇ ਮਾਮਲਿਆਂ ਨੂੰ ਸੰਭਾਲਣ 'ਤੇ ਜ਼ੋਰ ਦਿੱਤਾ ਗਿਆ | ਜ਼ਿਲ੍ਹਾ ਸਿਹਤ ਵਿਭਾਗ ਨੇ ਸਾਰੇ ਟ੍ਰੇਨਰਾਂ ਅਤੇ ਭਾਗ ਲੈਣ ਵਾਲੇ ਅਫ਼ਸਰਾਂ ਦਾ ਧੰਨਵਾਦ ਕੀਤਾ |