ਲੁਧਿਆਣਾ, 18 ਜੂਨ (ਜਤਿੰਦਰ ਭੰਬੀ)-ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਤੇ ਵਾਤਾਵਰਨ ਪੇ੍ਰਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਪੀ. ਏ. ਸੀ. ਮੱਤੇਵਾੜਾ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਗੰਭੀਰ ਸੰਕਟ 'ਤੇ ਬੋਲਦਿਆਂ ਕਿਹਾ ਕਿ ਮੱਤੇਵਾੜਾ ਜੰਗਲ ਸਿਰਫ਼ ਲੁਧਿਆਣਾ ਦੇ ਹਰੇ ਫੇਫੜੇ ਨਹੀਂ ਹਨ, ਸਗੋਂ ਸਾਰੇ ਪੰਜਾਬ ਲਈ ਇਕ ਕੁਦਰਤੀ ਢਾਲ ਹਨ | ਇਨ੍ਹਾਂ ਦੇ ਵਿਨਾਸ਼ ਦੇ ਨਤੀਜੇ ਵਜੋਂ ਜਲਵਾਯੂ, ਵਾਤਾਵਰਨ ਅਤੇ ਜੈਵ ਵਿਭਿੰਨਤਾ ਦਾ ਨਾਸ਼ ਹੋਵੇਗਾ | ਉਨ੍ਹਾਂ ਕਿਹਾ ਕਿ ਮੱਤੇਵਾੜਾ ਜੰਗਲ ਜੋ ਕਦੇ ਪੰਜਾਬ ਦਾ ਇਕ ਮਹੱਤਵਪੂਰਨ ਵਾਤਾਵਰਨਿਕ ਖੇਤਰ ਸੀ, ਹੁਣ ਸਰਕਾਰੀ ਅਣਗਹਿਲੀ, ਸੀਮਤ ਮਨੁੱਖੀ ਸ਼ਕਤੀ ਅਤੇ ਵੱਧ ਰਹੇ ਵਿਕਾਸ ਦੇ ਦਬਾਅ ਕਾਰਨ ਗੰਭੀਰ ਰੂਪ 'ਚ ਖ਼ਤਰੇ ਵਿਚ ਪੈ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਵਲੋਂ ਇਸ ਪਾਸੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਧਰਤੀ ਹੇਠੋਂ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ, ਜੋ ਕਿ ਇਕ ਗੰਭੀਰ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਰਾਹੋਂ ਰੋਡ ਦੇ ਨਾਲ ਲੱਗਦੀਆਂ ਫ਼ੈਕਟਰੀਆਂ 'ਚੋਂ ਨਿਕਲਣ ਵਾਲਾ ਪ੍ਰਦੂਸ਼ਣ ਅਤੇ ਫੈਲੀ ਗੰਦਗੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਦੁਰਲੱਭ ਜੈਵ ਵਿਭਿੰਨਤਾ ਪ੍ਰਜਾਤੀਆਂ ਜਾਂ ਈਕੋ-ਗਲਿਆਰਿਆਂ ਦੀ ਸੰਭਾਲ ਲਈ ਕੋਈ ਢਾਂਚਾਗਤ ਯਤਨ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ 2022 'ਚ ਮੁੱਖ ਮੰਤਰੀ ਵਲੋਂ ਈਕੋ-ਟੋਰਿਜ਼ਮ ਪ੍ਰੋਜੈਕਟ ਦਾ ਵਾਅਦਾ ਕੀਤਾ ਗਿਆ ਸੀ, ਜੋ ਸਿਰਫ਼ ਵਾਅਦਿਆਂ ਤੱਕ ਹੀ ਸੀਮਤ ਰਹਿ ਗਿਆ | ਉਨ੍ਹਾਂ ਮੰਗ ਕੀਤੀ ਕਿ ਜੰਗਲੀ ਜੀਵਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਦੇ ਯਤਨ ਕੀਤੇ ਜਾਣ, ਤਕਨਾਲੋਜੀ ਅਤੇ ਸਥਿਰਤਾ ਡੀਜ਼ਲ ਪੰਪਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪਾਣੀ-ਡਰਾਇੰਗ ਇੰਜਨਾਂ ਨਾਲ ਬਦਲੇ ਜਾਣ | ਪ੍ਰਦੂਸ਼ਣ ਅਤੇ ਕਬਜ਼ੇ ਨੂੰ ਰੋਕਣ ਲਈ ਪੀ. ਪੀ. ਸੀ. ਬੀ., ਐਨ. ਜੀ. ਓ. ਜੰਗਲਾਤ ਵਿਭਾਗ ਨਾਲ ਨਿਗਰਾਨੀ ਦਸਤੇ ਸਥਾਪਤ ਕੀਤੇ ਜਾਣ, ਨੀਤੀ ਅਤੇ ਪ੍ਰਸ਼ਾਸਨ ਸਹਾਇਤਾ ਜੰਗਲ ਸੁਰੱਖਿਆ ਅਤੇ ਜੈਵ ਵਿਭਿੰਨਤਾ ਸੰਭਾਲ ਲਈ ਸਮਰਪਿਤ ਫੰਡ ਤੁਰੰਤ ਜਾਰੀ ਕੀਤੇ ਜਾਣ | ਜੰਗਲਾਤ ਵਿਭਾਗ ਨੂੰ ਸਰੋਤਾਂ ਅਤੇ ਖੁਦਮੁਖਤਿਆਰੀ ਨਾਲ ਸਸ਼ਕਤ ਬਣਾਇਆ ਜਾਵੇ | ਵਾਤਾਵਰਨ, ਸੜਕਾਂ, ਜਲ ਸਰੋਤਾਂ ਅਤੇ ਸੈਰ-ਸਪਾਟੇ ਲਈ ਅੰਤਰ-ਵਿਭਾਗੀ ਤਾਲਮੇਲ ਸੈਲ ਸਥਾਪਤ ਕੀਤਾ ਜਾਵੇ |