ਲੁਧਿਆਣਾ, 20 ਜੂਨ (ਜਗਮੀਤ ਸਿੰਘ)-ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Tਬਾਇਓਐਨਜਾਈਮ ਦੀ ਵਰਤੋਂ ਕਰਕੇ ਸਫ਼ਾਈ ਪਦਾਰਥ ਤਿਆਰ ਕਰਨU ਸਬੰਧੀ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਾਈਕਰੋਬਾਇਓਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਕੋਰਸ ਵਿਚ 19 ਸਿੱਖਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਨੇ ਇਸ ਕੋਰਸ ਵਿਚ ਸ਼ਾਮਿਲ ਹੋਏ ਸਿੱਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਨ ਅਨੁਕੂਲ ਸਫ਼ਾਈ ਪਦਾਰਥ ਘਰ ਵਿਚ ਤਿਆਰ ਕਰ ਕੇ ਆਪਣੇ ਘਰੇਲੂ ਖਰਚਿਆਂ ਨੂੰ ਘਟਾ ਸਕਦੇ ਹਨ ਅਤੇ ਨਾਲ-ਨਾਲ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਨ | ਡਾ. ਉਰਮਿਲਾ ਗੁਪਤਾ ਮੁਖੀ ਮਾਈਕਰੋਬਾਇਓਲੋਜੀ ਨੇ ਬਾਇਓਐਨਜ਼ਾਇਮਜ਼ ਦੀ ਆਰਗੈਨਿਕ ਕਲੀਨਰ ਦੇ ਤੌਰ 'ਤੇ ਵਰਤੋਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ | ਡਾ. ਪ੍ਰੀਆ ਕਤਿਆਲ ਨੇ ਬਾਇਓਐਨਜਾਈਮ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਅਤੇ ਐਗਰੋ ਵੇਸਟ ਤੋਂ ਬਾਇਓਐਨਜਾਈਮ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਰਮਨਦੀਪ ਸਿੰਘ ਡਾਇਰੈਕਟਰ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਤਿਆਰ ਕੀਤੇ ਪਦਾਰਥਾਂ ਦੀ ਬਰੈਂਡਿੰਗ, ਲੇਬਲਿੰਗ ਅਤੇ ਮੰਡੀਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਪੇ੍ਰਰਨਾ ਕਪਿਲਾ ਨੇ ਆਰਗੈਨਿਕ ਡਿਸ਼ ਵਾਸ਼, ਐਲੋਵੀਰਾ ਸੋਪ ਅਤੇ ਫੇਸ ਪੈਕ ਬਾਰੇ ਅਤੇ ਡਾ. ਸੁਮਨ ਕੁਮਾਰੀ ਨੇ ਬਾਇਓਐਨਜਾਈਮ ਦੀ ਕੁਆਲਿਟੀ ਚੈਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਕੁਲਵੀਰ ਕੌਰ ਕੋਰਸ ਕੋਆਰਡੀਨੇਟਰ ਨੇ ਸਾਰੇ ਸਿੱਖਿਆਰਥੀਆਂ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿੱਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਦੀ ਸਲਾਹ ਦਿੱਤੀ |