25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰਾ <br/>

ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)-ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ਅਤੇ ਬੁੱਢਾ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਨਾਲ-ਨਾਲ ਧੁੱਸੀ ਬੰਨ੍ਹ ਅਤੇ ਸ਼ਹਿਰੀ ਖੇਤਰਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ | ਡੀ.ਸੀ. ਜੈਨ ਨੇ ਬੁੱਢਾ ਦਰਿਆ ਦੇ ਨਾਲ ਲੱਗਦੇ ਖਹਿਰਾ ਬੇਟ, ਰਾਜਾਪੁਰ, ਤਲਵੰਡੀ ਨੌਬਾਦ, ਤਲਵਾੜਾ, ਬਾਰਨਹਾਰਾ ਅਤੇ ਚੰਦਰ ਨਗਰ ਸਮੇਤ ਮਹੱਤਵਪੂਰਨ ਥਾਵਾਂ ਦਾ ਦੌਰਾ ਕੀਤਾ | ਖਹਿਰਾ ਬੇਟ ਵਿਖੇ ਨਿਰੀਖਣ ਦੌਰਾਨ ਹਿਮਾਂਸ਼ੂ ਜੈਨ ਨੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਅਤੇ ਸਥਿਤੀ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਤੁਰੰਤ ਇੱਕ ਸਥਾਈ ਟੀਮ ਤਾਇਨਾਤ ਕਰਨ ਦੇ ਹੁਕਮ ਦਿੱਤੇ | ਸਥਾਨਕ ਪਿੰਡ ਵਾਸੀਆਂ ਨੇ ਨੁਕਸਾਨ ਦੀ ਰਿਪੋਰਟ ਦਿੱਤੀ, ਹੜ੍ਹ ਕਾਰਨ ਕਈ ਏਕੜ ਝੋਨਾ ਅਤੇ ਪਾਪੂਲਰ ਫਸਲਾਂ ਡੁੱਬ ਗਈਆਂ | ਪਿੰਡ ਵਾਸੀਆਂ ਦੀਆਂ ਬੇਨਤੀਆਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਵਸਨੀਕਾਂ ਨੂੰ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਵਿੱਚ ਸਹਾਇਤਾ ਕਰਨ ਲਈ ਪਿੰਡ ਪੰਚਾਇਤ ਨੂੰ 100 ਤਰਪਾਲਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ | ਤਲਵੰਡੀ ਨੌਬਾਦ ਵਿੱਚ ਡੀ.ਸੀ. ਨੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ | ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਗੱਲਬਾਤ ਕੀਤੀ | ਤਲਵਾੜਾ ਅਤੇ ਬਾਰਨਹਾਰਾ ਵਿੱਚ ਜਿੱਥੇ ਬੁੱਢਾ ਦਰਿਆ ਦੇ ਬੰਨ੍ਹਾਂ ਵਿੱਚ ਪਾੜਾਂ ਦੀ ਰਿਪੋਰਟ ਕੀਤੀ ਗਈ ਸੀ, ਹਿਮਾਂਸ਼ੂ ਜੈਨ ਨੇ ਪਾੜਾਂ ਨੂੰ ਭਰਨ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ | ਆਉਣ ਵਾਲੇ ਦਿਨਾਂ 'ਚ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਇੱਕ ਲੱਖ ਕਿਊਸਿਕ ਤੱਕ ਪਹੁੰਚਣ ਦੇ ਅਨੁਮਾਨ ਦੇ ਨਾਲ ਡੀ.ਸੀ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਅਤੇ ਪ੍ਰਸ਼ਾਸਨ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ |

ਪਿਛਲੀ ਖ਼ਬਰ ਐੱਨ.ਸੀ.ਸੀ. ਗਰੁੱਪ ਕਮਾਂਡਰ ਬਿ੍ਗੇਡੀਅਰ ਚੀਮਾ ਵਲੋਂ ਸੀ.ਟੀ. ਯੂਨੀਵਰਸਿਟੀ ਦਾ ਦੌਰਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਮਾਰੇ ਪੰਜਾਬੀਆਂ ਦੀ ਬਾਂਹ ਫੜੇ- ਸਲੂਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।