ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਸਾਲ 2025 ਲਈ ਬਿਸ਼ਨ ਸਿੰਘ ਸਮੁੰਦਰੀ ਯਾਦਗਾਰੀ ਲੈਕਚਰਸ਼ਿਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਡਾ. ਗੋਸਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਜਸਵੰਤ ਸਿੰਘ ਰਾਏ ਯਾਦਗਾਰੀ ਵਿੱਦਿਅਕ ਟਰੱਸਟ ਜਲੰਧਰ ਦੇ ਸਹਿਯੋਗ ਨਾਲ ਪ੍ਰਦਾਨ ਕੀਤਾ ਗਿਆ | ਇਸ ਪੁਰਸਕਾਰ ਦੇ ਮਾਧਿਅਮ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਵਲੋਂ ਸਿੱਖਿਆ, ਖੇਤੀ ਖੋਜ ਅਤੇ ਪਸਾਰ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਇਹ ਪੁਰਸਕਾਰ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਖੇਤੀ ਵਿਗਿਆਨ ਅਤੇ ਖੋਜ ਨੂੰ ਸਥਿਰਤਾ ਪ੍ਰਦਾਨ ਕਰਨ ਵਾਲੇ ਪ੍ਰਬੁੱਧ ਵਿਗਿਆਨੀ ਡਾ. ਗੋਸਲ ਨੂੰ ਪੰਜਾਬ ਦੀ ਖੇਤੀ ਨੂੰ ਸਥਿਰਤਾ ਵੱਲ ਲਿਜਾਉਣ ਅਤੇ ਮੌਜੂਦਾ ਖੇਤੀ ਚੁਨੌਤੀਆਂ ਦੇ ਵਿਗਿਆਨਕ ਹੱਲ ਤਲਾਸ਼ ਕਰਨ ਲਈ ਪਾਏ ਯੋਗਦਾਨ ਹਿਤ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੋਸਲ ਨੇ ਪੀ.ਏ.ਯੂ. ਦੀ ਅਮੀਰ ਖੇਤੀ ਵਿਗਿਆਨਕ ਰਵਾਇਤ ਦੀ ਗੱਲ ਕੀਤੀ | ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਖੇਤੀ ਅਤੇ ਕਿਸਾਨੀ ਸਮਾਜ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਅਤੇ ਭਰਪੂਰ ਬਣਾਉਣ ਲਈ ਉੱਘਾ ਯੋਗਦਾਨ ਪਾਇਆ ਹੈ | ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਦੀ ਅਕਾਦਮਿਕ ਮਜ਼ਬੂਤੀ ਦਾ ਪ੍ਰਮਾਣ ਇਸ ਤੋਂ ਵਧੇਰੇ ਹੋਰ ਕੀ ਦਿੱਤਾ ਜਾ ਸਕਦਾ ਹੈ ਕਿ ਉੱਤਰੀ ਭਾਰਤ ਦੀਆਂ 7 ਖੇਤੀ ਯੂਨੀਵਰਸਿਟੀਆਂ ਇਸ ਸੰਸਥਾ ਵਿਚੋਂ ਪ੍ਰਫੁੱਲਿਤ ਹੋਈਆਂ | ਇਸ ਮੌਕੇ ਹਾਜ਼ਰ ਵਿਦਿਆਰਥੀਆਂ, ਖੋਜੀਆਂ, ਸਿੱਖਿਆ ਕਰਮੀਆਂ ਅਤੇ ਨੀਤੀ ਨਿਰਧਾਰਕਾਂ ਨੇ ਡਾ. ਗੋਸਲ ਵਲੋਂ ਪੇਸ਼ ਵਿਚਾਰਾਂ ਦੀ ਤਾਈਦ ਕੀਤੀ ਅਤੇ ਉਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਲਈ ਵਧਾਈ ਦਿੱਤੀ |