ਲੁਧਿਆਣਾ, 16 ਅਕਤੂਬਰ (ਜਤਿੰਦਰ ਭੰਬੀ)-ਆਟੋ ਪਾਰਟਸ ਮੈਨੂੰਫੇਕਚਰਜ਼ ਐਸੋਸੀਏਸ਼ਨ (ਇੰਡੀਆ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਭਾਰਤ ਸਰਕਾਰ ਦੇ ਮਾਈਕਰੋ ਸਮਾਲ ਮੀਡੀਅਮ ਆਫ਼ ਇੰਟਰਪਾਈਜਸ (ਐਮ.ਐਸ.ਐਮ.ਈ.)-ਡੀ.ਐਫ.ਓ. ਦੇ ਡਾਇਰੈਕਟਰ ਪੰਕਜ ਕੁਮਾਰ ਝਾਅ ਦਾ ਆਹੁਦਾ ਸੰਭਾਲਣ 'ਤੇ ਸਵਾਗਤ ਕੀਤਾ | ਉਨ੍ਹਾਂ ਦੀ ਨਿਯੁਕਤੀ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਆਸ ਜਤਾਈ ਕਿ ਇਨ੍ਹਾਂ ਦੀ ਨਿਯੁਕਤੀ ਨਾਲ ਉਦਯੋਗ ਨੂੰ ਚੰਗਾ ਹੰੁਗਾਰਾ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਨੂੰ ਲੰਬੇ ਸਮੇਂ ਤੋਂ ਇਕ ਸਥਾਈ ਡਾਇਰੈਕਟਰ ਦੀ ਸਖ਼ਤ ਜ਼ਰੂਰਤ ਸੀ | ਉਨ੍ਹਾਂ ਨੌਜਵਾਨ ਅਤੇ ਗਤੀਸ਼ੀਲ ਡਾਇਰੈਕਟਰ ਦੀ ਨਿਯੁਕਤੀ ਲਈ ਮੰਤਰੀ (ਐਮ.ਐਸ.ਐਮ.ਈ.) ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਉਦਯੋਗ ਨੂੰ ਇਕ ਨੌਜਵਾਨ ਡਾਇਰੈਕਟਰ ਤੋਂ ਬਹੁਤ ਲਾਭ ਹੋਵੇਗਾ, ਜੋ ਆਪਣੀ ਦੂਰਦਰਸ਼ੀ, ਸਮਝ, ਸਕਾਰਾਤਮਿਕ ਰਵੱਈਏ ਅਤੇ ਸਮਕਾਲੀ ਪਹੁੰਚ ਨਾਲ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਤਸੁਕ ਹੈ | ਇਸ ਮੌਕੇ ਉਦਯੋਗਪਤੀਆਂ ਨੇ ਉਮੀਦ ਜਤਾਈ ਕਿ ਇਸ ਨਾਲ ਆਉਣ ਵਾਲੇ ਦਿਨਾਂ ਵਿਚ ਉਦਯੋਗ ਦੀ ਬਿਹਤਰੀ ਲਈ ਸਕੀਮਾਂ ਲਿਆਉਣ ਲਈ ਡਾਇਰੈਕਟਰ ਪੰਕਜ ਕੁਮਾਰ ਝਾਅ ਅਹਿਮ ਰੋਲ ਅਦਾ ਕਰਨਗੇ |