ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਪੰਚਾਂ, ਸਰਪੰਚਾਂ ਤੇ ਭਾਜਪਾ ਵਰਕਰਾਂ ਨੰੂ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕੇਂਦਰ ਵਲੋਂ ਭੇਜੀ ਗਏ ਰਾਹਤ ਫ਼ੰਡ ਸਿਰਫ਼ ਉਨ੍ਹਾਂ ਲੋਕਾਂ ਤਕ ਪਹੁੰਚਣ ਜਿਨ੍ਹਾਂ ਦੇ ਘਰ ਹੜ੍ਹ 'ਚ ਨੁਕਸਾਨੇ ਗਏ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਸ਼ਿਵਰਾਜ ਚੌਹਾਨ ਵਲੋਂ ਹੜ੍ਹ ਪੀੜਤਾਂ ਲਈ ਤੁਰੰਤ ਕਦਮ ਚੁੱਕੇ ਗਏ ਹਨ | ਕੇਂਦਰ ਨੇ 1600 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ, ਜਿਸ ਵਿਚ ਘਰਾਂ ਦੀ ਉਸਾਰੀ, ਖੇਤੀਬਾੜੀ, ਤੇ ਬੀਜਾਂ ਲਈ ਰਾਹਤ ਰਕਮ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਸ਼ਿਵਰਾਜ ਚੌਹਾਨ ਵਲੋਂ 367-3 ਨੁਕਸਾਨੇ ਘਰਾਂ ਲਈ 587 ਕਰੋੜ ਰੁਪਏ ਸੂਬਾ ਸਰਕਾਰ ਨੰੂ ਸੌਂਪੇ ਗਏ ਹਨ | ਗੁਰਦੇਵ ਸ਼ਰਮਾ ਦੇਬੀ ਨੇ ਆਮ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਰਾਜ ਸਰਕਾਰ ਵਲੋਂ ਅਜੇ ਤਕ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਕੇਂਦਰ ਸਰਕਾਰ ਨੰੂ ਨਹੀਂ ਸੌਂਪੀ ਗਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੜ੍ਹ ਪੀੜਤਾਂ ਅਤੇ ਕਿਸਾਨਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪਰ ਰਾਜ ਸਰਕਾਰ ਨੰੂ ਵੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ, ਤਾਂ ਜੋ ਹਕੀਕਤ ਵਿਚ ਪੀੜਤਾਂ ਤਕ ਸਹਾਇਤਾ ਪਹੁੰਚ ਸਕੇ |