ਲੁਧਿਆਣਾ, 17 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਦੇ ਸਕੂਲਾਂ ਵਿਚ ਜਾਕੇ ਸੋਲਿਡ ਵੇਸਟ ਮੈਨੇਜਮੈਂਟ ਬਾਰੇ ਬੱਚਿਆਂ ਨੰੂ ਜਾਗਰੂਕ ਕੀਤਾ ਜਾ ਰਿਹਾ ਹੈ | ਪਰ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਨਿਗਮ ਖੁਦ ਇਸ ਜਾਗਰੂਕਤਾਂ ਤੋਂ ਕੋਸਾਂ ਦੂਰ ਨਜਰ ਆ ਰਿਹਾ ਹੈ | ਇਸਦੀ ਤਾਜ਼ਾ ਮਿਸਾਲ ਸੇਖੇਵਾਲ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਵਜੋਂ ਦੇਖੀ ਜਾ ਸਕਦੀ ਹੈ | ਇਹ ਕੂੜਾ ਕਈ ਦਿਨਾਂ ਤੋਂ ਨਿਗਮ ਵਲੋਂ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਤੇ ਸਕੂਲ ਪ੍ਰਬੰਧਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਇਸ ਮਾਮਲੇ ਤੇ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿਲੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਕਤ ਸਕੂਲ ਦੇ ਸਾਹਮਣੇ ਪਿਆ ਇਹ ਕੂੜਾ ਨਾ ਸਿਰਫ ਇਲਾਕੇ ਦੀ ਸੁਰੱਖਿਆ ਲਈ ਖਤਰਾ ਬਣਿਆ ਹੋਇਆ ਹੈ | ਸਗੋਂ ਡੇਂਗੂ ਵਰਗੀਆਂ ਬੀਮਾਰੀਆਂ ਦੇ ਇਲਾਕੇ ਵਿਚ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੀ ਸਿਹਤ ਲਈ ਇਹ ਹਾਲਤ ਬਹੁਤ ਹੀ ਖਤਰਨਾਕ ਹਨ | ਢਿਲੋਂ ਨੇ ਨਿਗਮ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਆਪਣੀ ਡਿਊਟੀ ਨੰੂ ਪੂਰੀ ਗੰਭੀਰਤਾ ਨਾਲ ਨਹੀਂ ਨਿਭਾ ਰਹੇ ਹਨ ਤੇ ਸ਼ਹਿਰ ਦੀ ਸਫਾਈ ਸਿਰਫ ਕਾਗਜ਼ੀ ਰਿਪੋਰਟਾਂ ਤੱਕ ਹੀ ਸੀਮਿਤ ਰਹਿ ਗਈ ਹੈ |