ਲੁਧਿਆਣਾ, 3 ਦਸੰਬਰ (ਜਤਿੰਦਰ ਭੰਬੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਪਹਿਲੇ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 27 ਅਤੇ ਬਲਾਕ ਸੰਮਤੀ ਦੀਆਂ 145 ਨਾਮਜ਼ਦਗੀਆਂ ਦਾਖਲ ਕੀਤੀਆਂ | ਗਲਾਡਾ ਦਫਤਰ ਵਿਖੇ ਅਕਾਲੀ ਦਲ ਬਾਦਲ ਦੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਜੋਨ ਚੱਕ ਸਰਵਣ ਨਾਥ ਤੋਂ ਹਰਜੀਤ ਕੌਰ ਪਤਨੀ ਮਨਦੀਪ ਸਿੰਘ, ਮੱਤੇਵਾੜ੍ਹਾ ਜ਼ੋਨ ਤੋਂ ਕੁਲਵਿੰਦਰ ਕੌਰ ਪਤਨੀ ਪ੍ਰਭਜੋਤ ਸਿੰਘ, ਮਾਂਗਟ ਜੋਨ ਤੋਂ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਦੇ ਕਾਗਜ਼ ਨਾਮਜ਼ਦ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਆਕ ਸੰਮਤੀ ਦੇ ਉਮੀਦਵਾਰ ਦਰਸ਼ਨ ਸਿੰਘ ਮਾਹਲਾ ਨੇ ਨਾਮਜ਼ਦਗੀ ਪੇਪਰ ਦਾਖਲ ਕਰਨ ਜਾਣ ਮੌਕੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਜਿਥੇ ਹਲਕਾ ਸਾਹਨੇਵਾਲ ਦੀਆਂ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜਿੱਤੀਆਂ ਜਾਣਗੀਆਂ ਉਥੇ ਹੀ ਬਲਾਕ ਸੰਮਤੀ ਚੋਣਾਂ ਵਿਚ ਵੀ ਵਿਰੋਧੀਆਂ ਨੂੰ ਮਾਤ ਦੇਵਾਂਗੇ ਅਤੇ ਸਾਰੀਆਂ ਹੀ ਸੀਟਾਂ 'ਤੇ ਜਿੱਤ ਦਰਜ ਕਰਕੇ ਇਤਿਹਾਸ ਸਿਰਜਾਂਗੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਟੀਟੂ ਜੌਲੀ, ਬਵਨਪ੍ਰੀਤ ਸਿੰਘ ਮਾਹਲਾ, ਸਰਪੰਚ ਕੁਲਵੰਤ ਸਿੰਘ, ਸਰਪੰਚ ਪਰਮਿੰਦਰ ਸਿੰਘ ਸੋਨੂੰ, ਪਲਵਿੰਦਰ ਸਿੰਘ, ਮਨਦੀਪ ਸਿੰਘ ਰੋਜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਮੌਜ਼ੂਦ ਸਨ | ਇਸ ਮੌਕੇ ਨਾਮਦੇਵ ਕਾਲੋਨੀ ਤੋਂ ਚੋਣ ਲੜ ਰਹੇ ਬਲਾਕ ਸੰਮਤੀ ਉਮੀਦਵਾਰ ਮੇਹਰ ਸਿੰਘ ਸੋਫੀ ਅਤੇ ਹੋਰਨਾਂ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਉਪਰੰਤ ਕਾਂਗਰਸ ਦੇ ਹਲਕਾ ਇੰਚਾਰਜ਼ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਲੋਕ ਸੂਬੇ ਦੀ 'ਆਪ' ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ, ਜਿਸ ਦਾ ਨਤੀਜਾ ਇਨ੍ਹਾਂ ਚੋਣਾਂ ਤੋਂ ਬਾਅਦ ਸਾਹਮਣੇ ਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਬਲਵੀਰ ਸਿੰਘ ਬੁੱਢੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਨ ਮਾਗਟ ਦੇ ਉਮੀਦਵਾਰ ਤਾਜਪਰਮਿੰਦਰ ਸਿੰਘ ਸੋਨੂੰ, ਸਾਬਕਾ ਸਰਪੰਚ ਜਗਦੇਵ ਸਿੰਘ ਵੜੈਚ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਵੜੈਚ ਅਤੇ ਕਾਂਗਰਸੀ ਆਗੂ ਤੇ ਵਰਕਰ ਮੌਜ਼ੂਦ ਸਨ |
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰੀਸ਼ਦ ਦੀਆਂ 27 ਅਤੇ ਬਲਾਕ ਸੰਮਤੀ ਦੀਆਂ 145 ਨਾਮਜ਼ਦਗੀਆਂ ਦਾਖਲ <br/>
ਅਜੀਤ ਡੈਸਕ
04-12-2025