ਘੱਗਰ ਨਦੀ 'ਤੇ ਬਣੇ ਕਾਜਵੇ 'ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ, ਲੋਕਾਂ ਨੂੰ ਮੁਸੀਬਤ
ਅਜੀਤ ਡੈਸਕ
16-06-2025
ਡੇਰਾਬੱਸੀ, 15 ਜੂਨ (ਗੁਰਮੀਤ ਸਿੰਘ)-ਮੁਬਾਰਿਕਪੁਰ ਨੇੜੇ ਘੱਗਰ ਨਦੀ 'ਤੇ ਬਣਾਇਆ ਗਿਆ ਕਾਜਵੇ ਜੋ ਕਿ ਸਿਰਫ਼ ਹਲਕੇ ਵਾਹਨਾਂ ਲਈ ਸੀ, ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪ੍ਰੇਸ਼ਾਨੀ ਦਾ ਸਬਬ ਬਣ ਗਿਆ ਹੈ | ਭਾਰੀ ਵਾਹਨਾਂ ਨੂੰ ਰੋਕਣ ਲਈ ਦੋਵੇਂ ਪਾਸਿਆਂ ਓਵਰਹੈੱਡ ਬੇਰੀਕੇਡ ਲਗਾਉਣੇ ਸੀ ਪਰ ਇਕ ਪਾਸੇ ਬੇਰੀਕੇਡ ਲਗਾਉਣ 'ਚ ਲਾਪ੍ਰਵਾਹੀ ਵਰਤੀ ਗਈ | ਇਸ ਕਰਕੇ ਕਈ ਵਾਰ ਭਾਰੀ ਵਾਹਨ ਕਾਜਵੇ ਉੱਤੇ ਆ ਜਾਂਦੇ ਹਨ, ਜਿਥੇ ਅੱਗੇ ਰਾਹ ਬੰਦ ਮਿਲਦਾ ਹੈ, ਜਿਸ ਨਾਲ ਵੱਡਾ ਜਾਮ ਲੱਗ ਜਾਂਦਾ ਹੈ | ਬੀਤੀ ਸ਼ਾਮ ਵੀ ਦੋ ਟਰੱਕ ਢਕੋਲੀ ਤੋਂ ਡੇਰਾਬੱਸੀ ਆਉਂਦੇ ਬੇਰੀਕੇਡ ਕੋਲ ਫਸ ਗਏ | ਅੱਗੇ ਰਾਹ ਨਾ ਮਿਲਣ ਕਰਕੇ ਡੇਰਾਬੱਸੀ ਆਉਣ ਵਾਲੇ ਪਾਸੇ ਜਾਮ ਲੱਗ ਗਿਆ | ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ | ਹਾਲਾਤ ਇਹ ਹਨ ਕਿ ਜਦੋਂ ਵਾਹਨ ਨੂੰ ਅੱਗੇ ਰਾਹ ਨਹੀਂ ਮਿਲਦਾ ਤਾਂ ਪਿੱਛੇ ਵਾਹਨਾਂ ਦੀ ਲਾਈਨ ਲੱਗ ਜਾਂਦੀ ਹੈ | ਵਾਹਨ ਨੂੰ ਮੁੜਨ ਲਈ ਥਾਂ ਵੀ ਨਹੀਂ ਮਿਲਦੀ ਅਤੇ ਪਿਛਲੇ ਵਾਹਨ ਪਾਸੇ ਕਰ ਵਾਹਨ ਨੂੰ ਪਿੱਛੇ ਜਾਣਾ ਪੈਂਦਾ ਹੈ, ਜਿਸ ਕਰਕੇ ਸਮੱਸਿਆ ਹੋਰ ਵਧ ਜਾਂਦੀ ਹੈ | ਲੋਕਾਂ ਨੇ ਦੋਵੇਂ ਪਾਸਿਆਂ ਓਵਰਹੈੱਡ ਬੇਰੀਕੇਡ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਾਜਵੇ ਦੀ ਹੋਂਦ ਬਚ ਸਕੇ ਤੇ ਆਉਣ-ਜਾਣ ਵਾਲਿਆਂ ਨੂੰ ਮੁਸੀਬਤ ਨਾ ਹੋਵੇ | ਮਾਈਨਿੰਗ ਮਾਫ਼ੀਆ ਵਲੋਂ ਕਈ ਵਾਰ ਬੇਰੀਕੇਡ ਤੋੜ ਦਿੱਤੇ ਜਾਂਦੇ ਹਨ, ਜਿਸ ਕਰਕੇ ਭਾਰੀ ਵਾਹਨ ਇੱਥੋਂ ਲੰਘਦੇ ਰਹਿੰਦੇ ਹਨ |