ਪੰਚਕੂਲਾ, 16 ਜੂਨ (ਕਪਿਲ)-ਪੰਚਕੂਲਾ ਦੇ ਸੈਕਟਰ-17 ਸਥਿਤ ਹਰਿਆਣਾ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਵਿਖੇ ਕਮਿਸ਼ਨਰ ਧਨਪਤ ਸਿੰਘ ਨੇ ਹਰਿਆਣਾ 'ਚ ਪੰਚਾਇਤ ਉਪ ਚੋਣਾਂ ਨੂੰ ਲੈ ਕੇ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ 'ਚ ਪੰਚਾਇਤੀ ਉਪ ਚੋਣਾਂ ਦੇ ਲਈ 15 ਜੂਨ ਨੂੰ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋਈ | ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 80 ਸੀਟਾਂ ਲਈ ਉਪ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ 'ਚੋਂ 56 ਪੰਚ, 61 ਪੰਚ, 8 ਪੰਚਾਇਤ ਸੰਮਤੀ ਮੈਂਬਰ ਅਤੇ 1 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਸੀਟ ਲਈ ਵੋਟਿੰਗ ਹੋਈ, ਜਦ ਕਿ ਬਾਕੀ ਸੀਟਾਂ 'ਤੇ ਉਮੀਦਵਾਰ ਨਿਰਵਿਰੋਧ ਚੁਣੇ ਗਏ | ਉਨ੍ਹਾਂ ਦੱਸਿਆ ਕਿ ਚੋਣਾਂ 'ਚ ਕੁੱਲ 73.2 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ ਸੰਤੋਸ਼ਜਨਕ ਤੇ ਲੋਕਤੰਤਰ ਦੇ ਪ੍ਰਤੀ ਦਿਹਾਤੀ ਲੋਕਾਂ ਦੀ ਜਾਗਰੂਕਤਾ ਦਾ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਨ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹੀ | ਉਨ੍ਹਾਂ ਸਾਰੇ ਪੋਿਲੰਗ ਸਟੇਸ਼ਨ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ | ਉਨ੍ਹਾਂ ਦੱਸਿਆ ਕਿ ਸਿਰਸਾ ਦੀ ਕਲਾਵਤੀ ਪੰਚਾਇਤ ਦੀ ਸੀਟ, ਜਿਸ 'ਤੇ ਅਦਾਲਤ ਵਲੋਂ ਰੋਕ ਲਗਾਈ ਗਈ ਸੀ, ਉਥੇ ਹੁਣ 29 ਜੂਨ ਨੂੰ ਵੋਟਿੰਗ ਤੇ 30 ਜੂਨ ਨੂੰ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ | ਇਸ ਤੋਂ ਇਲਾਵਾ 7 ਸਰਪੰਚ ਤੇ 6 ਪੰਚ ਦੀਆਂ ਸੀਟਾਂ 'ਤੇ ਹਾਲੇ ਵੀ ਅਦਾਲਤ ਦੀ ਰੋਕ ਲਾਗੂ ਹੈ |