ਐੱਸ. ਏ. ਐੱਸ. ਨਗਰ, 16 ਜੂਨ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫੇਜ਼-11 ਅਧੀਨ ਪੈਂਦੇ ਬੈਸਟੈੱਕ ਮਾਲ ਨਜ਼ਦੀਕ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਇਸੇ ਦੌਰਾਨ ਜਿਵੇਂ ਹੀ ਇਕ ਮੋਟਰਸਾਈਕਲ ਸ਼ੱਕੀ ਵਿਅਕਤੀ ਨੂੰ ਤਲਾਸ਼ੀ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਆਪਣਾ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ 'ਤੇ ਮੌਜੂਦ ਪੁਲਿਸ ਟੀਮ ਨੇ ਮੁਸ਼ਤੈਦੀ ਵਰਤਦਿਆਂ ਉਸ ਨੂੰ ਰੋਕ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਇਕ ਲਿਫ਼ਾਫ਼ੇ 'ਚੋਂ ਅਫ਼ੀਮ ਬਰਾਮਦ ਹੋਈ, ਜਿਸ ਦਾ ਵਜ਼ਨ 210 ਗ੍ਰਾਮ ਮਾਲੂਮ ਹੋਇਆ | ਉਕਤ ਵਿਅਕਤੀ ਦੀ ਪਛਾਣ ਪੱਪੂ ਮੂਲ ਵਾਸੀ ਪਿੰਡ ਅੰਜਨੀ ਜ਼ਿਲ੍ਹਾ ਬਰੇਲੀ (ਯੂ. ਪੀ.) ਤੇ ਹਾਲ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ | ਪੁਲਿਸ ਨੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਉਸ ਨੇ ਕਬੂਲਿਆ ਕਿ ਉਹ ਬਰੇਲੀ ਤੋਂ ਅਫ਼ੀਮ ਲੈ ਕੇ ਆਇਆ ਹੈ | ਉਕਤ ਮੁਲਜ਼ਮ ਦੇ ਮੈਡੀਕਲ ਚੈਕਅੱਪ ਦੌਰਾਨ ਉਸ ਦੀ ਡੋਪ-ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਦੇ ਚਲਦਿਆਂ ਪੁਲਿਸ ਨੇ ਪਰਚੇ 'ਚ ਉਕਤ ਐਕਟ ਦੀ ਧਾਰਾ 27 ਦਾ ਵਾਧਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ 'ਤੇ ਉਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |