ਐੱਸ. ਏ. ਐੱਸ. ਨਗਰ, 16 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਮੁਫ਼ਤ ਬਿਜਲੀ ਤੇ 24 ਘੰਟੇ ਬਿਜਲੀ ਸਪਲਾਈ ਦੇ ਵਾਅਦੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਮੁਹਾਲੀ ਦਾ ਤਾਪਮਾਨ 40 ਡਿਗਰੀ ਟੱਪ ਚੁੱਕਾ ਹੈ ਅਤੇ ਹਰ ਰਾਤ 8-10 ਘੰਟਿਆਂ ਦੇ ਬਿਜਲੀ ਦੇ ਕੱਟ ਲਗ ਰਹੇ ਹਨ ਅਤੇ ਲੋਕ ਬਿਨਾਂ ਬਿਜਲੀ ਤੋਂ ਰਾਤਾਂ ਕੱਟਣ ਲਈ ਮਜ਼ਬੂਰ ਹਨ, ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੀਆਂ ਲੁਧਿਆਣਾ ਚੋਣਾਂ ਕਾਰਨ ਝੂਠਾ ਪ੍ਰਚਾਰ ਕਰਨ 'ਚ ਵਿਅਸਤ ਹਨ | ਉਨ੍ਹਾਂ ਹਾਲ ਹੀ 'ਚ ਮਨੀਸ਼ ਸ਼ਿਸੋਦੀਆ ਵਲੋਂ ਜ਼ੀਰੋ ਪਾਵਰ ਕੱਟ ਨੂੰ ਲੈ ਕੇ ਕੀਤੇ ਗਏ ਇਕ ਟਵੀਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਅਸਹਿ ਗਰਮੀ 'ਚ ਪੰਜਾਬ 'ਚ ਬਿਜਲੀ ਕੱਟਾਂ ਕਾਰਨ ਲੋਕ ਆਪਣੀਆਂ ਕਾਰਾਂ 'ਚ ਸੌਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਦਿੱਲੀ ਤੋਂ ਆਏ ਮਨੀਸ਼ ਸ਼ਿਸੋਦੀਆ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਜ਼ੀਰੋ ਬਿਜਲੀ ਦੇ ਕੱਟ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 6 ਦਿਨਾ ਤੋਂ ਮੁਹਾਲੀ ਅਤੇ ਆਸ-ਪਾਸ ਦੇ ਖੇਤਰ ਦੇ ਵਸਨੀਕ ਬਿਜਲੀ ਦੇ ਕੱਟਾਂ ਕਾਰਨ ਪ੍ਰੇਸ਼ਾਨ ਹਨ ਅਤੇ ਬਿਜਲੀ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਹਾਲਾਤ ਬਦਲਣ ਦੀ ਬਜਾਏ ਰੋਜ਼ਾਨਾ ਹੋਰ ਖਰਾਬ ਹੋ ਰਹੇ ਹਨ | ਸਾਬਕਾ ਮੰਤਰੀ ਸਿੱਧੂ ਨੇ ਸੂਬੇ ਦੇ ਤਾਪ-ਘਰਾਂ ਦੀ ਹਾਲਤ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ 'ਚ ਤਾਪ-ਘਰਾਂ ਦੇ 15 'ਚੋਂ 4 ਯੂਨਿਟ ਬੰਦ ਹੋ ਚੁੱਕੇ ਹਨ | ਇਹ ਬਿਜਲੀ ਸੰਕਟ ਨਹੀਂ, ਸਗੋਂ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ | ਉਨ੍ਹਾਂ ਲੋਕਾਂ ਦੀ ਸੇਵਾ 'ਚ ਲੱਗੇ ਬਿਜਲੀ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਬਿਜਲੀ ਵਿਭਾਗ 'ਚ ਖਾਲੀ ਪਈਆਂ ਆਸਾਮੀਆਂ ਨੂੰ ਜਲਦ ਪੂਰਾ ਕਰਨ |