ਐੱਸ. ਏ. ਐੱਸ. ਨਗਰ, 16 ਜੂਨ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵਲੋਂ ਆਪਣਾ 6ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਖ-ਵੱਖ ਆਨਲਾਈਨ ਡਿਗਰੀ ਪ੍ਰੋਗਰਾਮਾਂ 'ਚੋਂ ਪਾਸ ਹੋਏ 150 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਦਿਆਰਥੀਆਂ 'ਚ ਜਨਵਰੀ 2022 ਦੇ ਅੰਡਰ-ਗ੍ਰੈਜੂਏਟ ਅਤੇ 2023 ਬੈਚ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਿਲ ਸਨ | ਮੌਜੂਦਾ ਅਕਾਦਮਿਕ ਸੈਸ਼ਨ 'ਚ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਯੂਨੀਵਰਸਿਟੀ 'ਚ 15,000 ਤੋਂ ਵੱਧ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ | ਡਿਗਰੀ ਵੰਡ ਸਮਾਰੋਹ 'ਚ ਏ. ਏ. ਟੂ. ਆਈ. ਟੀ. ਇੰਡੀਆ ਪ੍ਰਾ. ਲਿ. ਦੇ ਕੋ-ਫਾਊਾਡਰ ਤੇ ਮੈਨੇਜਿੰਗ ਡਾਇਰੈਕਟਰ (ਇੰਡੀਆ) ਅਤੇ ਗਲੋਬਲ ਸੀ. ਟੀ. ਓ. ਡਾ. ਰਿਸ਼ੀ ਮੋਹਨ ਭਟਨਾਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਮਨਪ੍ਰੀਤ ਸਿੰਘ ਮੰਨਾ, ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਦੇਵਿੰਦਰ ਸਿੰਘ, ਐਗਜ਼ੀਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਅਨੁਰਾਗ ਵਰਮਾ ਤੇ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ 'ਚ ਦੂਜੀ ਵਾਰ ਆਉਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਮੁੱਖ ਮਹਿਮਾਨ ਡਾ. ਰਿਸ਼ੀ ਮੋਹਨ ਭਟਨਾਗਰ ਨੇ ਕਿਹਾ ਕਿ ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਯੂਨੀਵਰਸਿਟੀ 'ਚ 28 ਰਾਜਾਂ, 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕਈ ਦੇਸ਼ਾਂ ਤੋਂ ਆਏ ਲਗਪਗ 15 ਹਜ਼ਾਰ ਵਿਦਿਆਰਥੀ ਆਨਲਾਈਨ ਤੇ 60 ਹਾਜ਼ਰ ਤੋਂ ਵੱਧ ਵਿਦਿਆਰਥੀ ਕੈਂਪਸ 'ਚ ਸਿੱਖਿਆ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਥੇ ਮੈਂ ਇਕ ਅਨੁਸ਼ਾਸਿਤ, ਮਿਹਨਤੀ, ਸਮਾਰਟ ਵਰਕਿੰਗ ਅਤੇ ਤਾਲਮੇਲ ਵਾਲੀ ਟੀਮ ਦੇਖੀ ਹੈ, ਜੋ ਕਿ ਚਾਂਸਲਰ ਸਤਨਾਮ ਸਿੰਘ ਸੰਧੂ ਦੀ ਲੀਡਰਸ਼ਿਪ ਅਧੀਨ ਸ਼ਾਨਦਾਰ ਕੰਮ ਕਰ ਰਹੀ ਹੈ | ਆਨਲਾਈਨ ਸਿੱਖਿਆ ਦੀ ਭੂਮਿਕਾ ਨੂੰ ਸਪੱਸ਼ਟ ਕਰਦਿਆਂ ਡਾ. ਭਟਨਾਗਰ ਨੇ ਇਸ ਨੂੰ ਮੌਕਿਆਂ ਦੇ ਲੋਕਤੰਤਰੀਕਰਨ ਦਾ ਮਾਧਿਅਮ ਦੱਸਿਆ |