06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੋਹਾਣਾ ਦੇ ਵਸਨੀਕਾਂ ਨੇ ਬਿਜਲੀ ਤੇ ਪਾਣੀ ਦੀ ਕਿੱਲਤ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਧਰਨਾ

ਅਜੀਤ ਡੈਸਕ 17-06-2025
ਐੱਸ. ਏ. ਐੱਸ. ਨਗਰ, 16 ਜੂਨ (ਪ੍ਰੋ. ਅਵਤਾਰ ਸਿੰਘ)-ਪਿੰਡ ਸੋਹਾਣਾ ਦੇ ਵਸਨੀਕਾਂ ਵਲੋਂ ਏਅਰਪੋਰਟ ਰੋਡ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਨੂੰ ਬਿਜਲੀ ਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ | ਧਰਨੇ 'ਚ ਉਚੇਚੇ ਤੌਰ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਤੋਂ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਫ਼ਤ ਬਿਜਲੀ ਦੇ ਵਾਅਦੇ ਹੁਣ ਥਾਂ-ਥਾਂ 'ਤੇ ਲੱਗੇ ਹੋਏ ਆਦਮੀ ਪਾਰਟੀ ਦੇ ਚੋਣਾਵੀਂ ਪੋਸਟਰਾਂ ਦੇ ਝੂਠ ਵਰਗੇ ਲੱਗਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਤੱਕ ਬਿਜਲੀ ਹੀ ਨਹੀਂ ਪੁੱਜਦੀ ਤਾਂ ਮੁਫ਼ਤ ਬਿਜਲੀ ਦਾ ਕੀ ਮਤਲਬ ਰਹਿ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਜਲੀ ਤੇ ਪਾਣੀ ਵਰਗੀ ਮੁੱਢਲੀ ਸਹੂਲਤ ਵੀ ਨਸੀਬ ਨਹੀਂ ਹੋ ਰਹੀ, ਜਿਸ ਕਾਰਨ ਲੋਕ ਬੇਵੱਸ ਤੇ ਗੁੱਸੇ ਵਿਚ ਹਨ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇ ਅਤੇ ਕਰਮਚਾਰੀਆਂ ਦੀ ਫੌਰੀ ਤੌਰ 'ਤੇ ਭਰਤੀ ਕੀਤੀ ਜਾਵੇ | ਇਸ ਦੇ ਨਾਲ ਹੀ ਪਰਵਿੰਦਰ ਸਿੰਘ ਸੋਹਾਣਾ ਨੇ ਇਹ ਵੀ ਮੰਗ ਕੀਤੀ ਕਿ ਸੈਕਟਰ-77 'ਚ ਬਣਾਏ ਗਏ ਪਾਣੀ ਦੇ ਬੂਸਟਰ ਨਾਲ ਫੌਰੀ ਤੌਰ 'ਤੇ ਪਿੰਡ ਸੋਹਾਣਾ ਨੂੰ ਜੋੜਿਆ ਜਾਵੇ ਕਿਉਂਕਿ ਇਹ ਨਹਿਰੀ ਪਾਣੀ ਦਾ ਬੂਸਟਰ ਹੈ, ਜਦ ਕਿ ਬਾਕੀ ਖੇਤਰ ਇਸ ਬੂਸਟਰ ਨਾਲ ਜੋੜਿਆ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਸ 'ਚ ਦੇਰੀ ਲਈ ਮੁਹਾਲੀ ਪ੍ਰਸ਼ਾਸਨ ਅਤੇ ਖਾਸ ਤੌਰ 'ਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਜ਼ਿੰਮੇਵਾਰ ਹਨ | ਇਸੇ ਦੌਰਾਨ ਧਰਨਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫੌਰੀ ਤੌਰ 'ਤੇ ਹਾਲਾਤਾਂ 'ਚ ਸੁਧਾਰ ਨਾ ਕੀਤਾ ਗਿਆ ਤਾਂ ਧਰਨਿਆਂ ਦਾ ਦਾਇਰਾ ਵਧਾਇਆ ਜਾਵੇਗਾ | ਇਸ ਮੌਕੇ ਹਰਵਿੰਦਰ ਸਿੰਘ ਨੰਬਰਦਾਰ, ਸੁੱਚਾ ਸਿੰਘ ਕਲੌੜ ਕੌਂਸਲਰ, ਹਰਜਿੰਦਰ ਕੌਰ ਕੌਂਸਲਰ, ਗੁਰਦੀਪ ਸਿੰਘ ਸਾਬਕਾ ਸਰਪੰਚ, ਚਰਨਜੀਤ ਕੌਰ, ਬਲਬੀਰ ਕੌਰ, ਹਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਪੱਪੀ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਨੇ ਕਰਵਾਇਆ 6ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ <br/> ਅਗਲੀ ਖ਼ਬਰ ਜ਼ਮੀਨ ਛੁਡਵਾਉਣ ਲਈ ਅਦਾਲਤ ਦੇ ਹੁਕਮਾਂ 'ਤੇ ਮਾਲ ਵਿਭਾਗ ਵਲੋਂ ਤਹਿਸੀਲਦਾਰ ਮਾਜਰੀ ਦੀ ਅਗਵਾਈ 'ਚ ਕੀਤੀ ਨਿਸ਼ਾਨਦੇਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।