ਮਾਜਰੀ, 16 ਜੂਨ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਬੂਥਗੜ੍ਹ ਨੇੜੇ ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਚਰਚ ਦੇ ਪ੍ਰਬੰਧਕਾਂ ਵਲੋਂ ਪਿੰਡ ਬੂਥਗੜ੍ਹ ਦੇ ਕਿਸਾਨ ਲਖਵੀਰ ਸਿੰਘ ਦੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ | ਇਸ ਸੰਬੰਧ 'ਚ ਪੀੜਤ ਕਿਸਾਨ ਨੇ ਚਰਚ ਦੇ ਪ੍ਰਬੰਧਕਾਂ ਖ਼ਿਲਾਫ਼ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸੀ | ਇਸ ਦੇ ਚਲਦਿਆਂ ਕੁਝ ਸਮਾਂ ਪਹਿਲਾਂ ਅਦਾਲਤ ਨੇ ਵਿਵਾਦਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ | ਇਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਸਬ-ਤਹਿਸੀਲ ਮਾਜਰੀ ਦੇ ਤਹਿਸੀਲਦਾਰ ਰਾਜਵੀਰ ਸਿੰਘ ਮਰਵਾਹਾ, ਕਾਨੂੰਨਗੋ ਤੇ ਪਟਵਾਰੀ ਵਲੋਂ ਨਿਸ਼ਾਨਦੇਹੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਕਿਸੇ ਵਿਅਕਤੀ ਵਲੋਂ ਇਹ ਅਫ਼ਵਾਹ ਉੱਡਾ ਦਿੱਤੀ ਗਈ ਕਿ ਚਰਚ ਨੂੰ ਢਾਹੁਣ ਦੀ ਕਾਰਵਾਈ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸ ਚਰਚ ਦੇ ਮੁੱਖ ਪ੍ਰਬੰਧਕ ਪਾਸਟਰ ਬਜਿੰਦਰ ਸਿੰਘ ਨੂੰ ਇਕ ਜਬਰ-ਜਨਾਹ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ | ਇਸ ਤੋਂ ਇਲਾਵਾ ਇਹ ਪਾਸਟਰ ਅਕਸਰ ਹੀ ਵਿਵਾਦਾਂ 'ਚ ਘਿਰਿਆ ਰਹਿੰਦਾ ਸੀ, ਜਿਸ ਕਾਰਨ ਇਸ ਅਫ਼ਵਾਹ ਨੂੰ ਸੱਚ ਜਾਣ ਕੇ ਵੱਡੀ ਗਿਣਤੀ ਮੀਡੀਆ ਕਰਮੀ ਪਿੰਡ ਬੂਥਗੜ੍ਹ ਸਥਿਤ ਚਰਚ ਵਿਖੇ ਪਹੁੰਚਣੇ ਸ਼ੁਰੂ ਹੋ ਗਏ | ਇਸ 'ਤੇ ਚਰਚ ਦੇ ਪ੍ਰਬੰਧਕਾਂ ਨੂੰ ਵੀ ਸ਼ੱਕ ਹੋ ਗਿਆ ਕਿ ਕੋਈ ਵੱਡੀ ਕਾਰਵਾਈ ਹੋਣ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਰੋਸ ਫੈਲ ਗਿਆ | ਇਸ ਦੌਰਾਨ ਪੁਲਿਸ ਵਲੋਂ ਮੌਕੇ ਤੋਂ ਇਕ ਸਮਾਜ ਸੇਵੀ ਭਗਤ ਸਿੰਘ ਦੁਆਬੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ | ਇਸ ਮੌਕੇ ਹਾਜ਼ਰ ਐਸ. ਪੀ. ਮੋਹਿਤ ਅਗਰਵਾਲ ਨੇ ਕਿਹਾ ਕਿ ਚਰਚ ਢਾਹੁਣ ਦੀ ਫੇਕ ਨਿਊਜ਼ ਜਿਸ ਵਿਅਕਤੀ ਵਲੋਂ ਵੀ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਬਾਅਦ ਐਸ. ਪੀ. ਮੋਹਿਤ ਅਗਰਵਾਲ ਤੇ ਤਹਿਸੀਲਦਾਰ ਰਾਜਵੀਰ ਸਿੰਘ ਮਰਵਾਹਾ ਨੇ ਮੌਕੇ 'ਤੇ ਹਾਜ਼ਰ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਵਲੋਂ ਕੁਝ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ, ਜਿਸ ਦੇ ਚਲਦਿਆਂ ਕਾਨੂੰਨਗੋ ਤੇ ਪਟਵਾਰੀ ਵਲੋਂ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤਾਂ ਜੋ ਕਿ ਨਿਸ਼ਾਨਦੇਹੀ ਦੀ ਰਿਪੋਰਟ ਅਦਾਲਤ ਨੂੰ ਭੇਜੀ ਜਾ ਸਕੇ | ਉਨ੍ਹਾਂ ਸਪੱਸ਼ਟ ਕੀਤਾ ਕਿ ਚਰਚ ਨੂੰ ਢਾਹੁਣ ਸੰਬੰਧੀ ਕੋਈ ਹੁਕਮ ਨਹੀਂ ਆਇਆ | ਇਸੇ ਦੌਰਾਵ ਤਹਿਸੀਲਦਾਰ ਰਾਜਵੀਰ ਸਿੰਘ ਮਰਵਾਹਾ ਨੇ ਦੱਸਿਆ ਕਿ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਚਰਚ ਨੇ ਪ੍ਰਬੰਧਕਾਂ ਨੇ ਕਿਸਾਨ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਾਂ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੋਇਆ ਪਾਇਆ ਗਿਆ ਤਾਂ ਉਸ ਨੂੰ ਦੂਰ ਕਰਵਾਇਆ ਜਾਵੇਗਾ |