ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ) ਧਰਮ ਨਿਰਪੱਖਤਾ ਤੇ ਮਾਨਵਤਾ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਯਾਦ ਵਿਚ ਪੰਜਾਬ ਰਾਜ ਭਵਨ ਦੇ ਸਟਾਫ਼ ਨੇ ਅੱਜ ਰਾਜ ਭਵਨ ਕੰਪਲੈਕਸ ਦੇ ਬਾਹਰ ਛਬੀਲ ਲਗਾਈ | ਇਸ ਦੌਰਾਨ ਸੰਗਤਾਂ ਨੂੰ ਮਿੱਠਾ ਦੁੱਧ ਅਤੇ ਛੋਲਿਆਂ ਦਾ ਪ੍ਰਸ਼ਾਦ ਵੰਡਿਆ | ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲਿਆ | ਆਪਸੀ ਸਤਿਕਾਰ ਅਤੇ ਭਾਈਚਾਰਕ ਕਦਰਾਂ-ਕੀਮਤਾਂ ਪ੍ਰਤੀ ਆਪਣੀ ਅਟੁੱਟ ਸ਼ਰਧਾ ਪੇਸ਼ ਕਰਦਿਆਂ ਰਾਜਪਾਲ ਨੇ ਨਿੱਜੀ ਤੌਰ 'ਤੇ ਰਾਹਗੀਰਾਂ ਨੂੰ ਮਿੱਠਾ ਦੁੱਧ ਤੇ ਛੋਲਿਆਂ ਦਾ ਪ੍ਰਸ਼ਾਦ ਵੰਡਿਆ | ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਗਰਮੀ ਦੌਰਾਨ ਛਬੀਲ ਦਾ ਡੂੰਘਾ ਸੱਭਿਆਚਾਰਕ ਤੇ ਅਧਿਆਤਮਿਕ ਮਹੱਤਵ ਹੈ | ਇਹ ਦਇਆ, ਮਨੁੱਖਤਾ ਦੀ ਸੇਵਾ ਤੇ ਸਮਾਨਤਾ ਦੇ ਸਿਧਾਂਤ ਦਾ ਪ੍ਰਤੀਕ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਤੇ ਮਾਨਵਵਾਦੀ ਸਿਧਾਂਤਾਂ ਨੂੰ ਦਰਸਾਉਂਦਾ ਹੈ |
ਗੁਰੂ ਸਾਹਿਬ ਦੇ ਸਮਰਪਿਤ ਤੇ ਮਿਸਾਲੀ ਯਤਨਾਂ ਸਦਕਾ ਆਪਸੀ ਭਾਈਚਾਰੇ ਤੇ ਨਿਰਸਵਾਰਥ ਸੇਵਾ ਅੱਜ ਵੀ ਸਾਡੇ ਦਿਲਾਂ ਵਿਚ ਧੜਕਦੀ ਹੈ ਜੋ ਰਾਜ ਭਵਨ ਦੇ ਸਟਾਫ਼ 'ਚ ਵੀ ਦੇਖਣ ਨੂੰ ਮਿਲੀ |
ਪੰਜਾਬ ਰਾਜ ਭਵਨ ਦੇ ਸਟਾਫ਼ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਯਾਦ ਵਿਚ ਲਗਾਈ ਛਬੀਲ-ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ ਸੇਵਾ <br/>
ਅਜੀਤ ਡੈਸਕ
18-06-2025