ਐੱਸ. ਏ. ਐੱਸ. ਨਗਰ, 17 ਜੂਨ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਅੱਜ ਸੈਕਟਰ-82 ਵਿਖੇ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਵਾਸੀ ਸੈਕਟਰ-66 ਮੁਹਾਲੀ ਜੋ ਕਿ ਜੇ. ਐੱਲ. ਪੀ. ਐੱਲ. ਸੈਕਟਰ-82 ਮੁਹਾਲੀ ਵਿਖੇ ਸਾਵੀ ਕਰਾਫਟ ਨਾਂਅ ਦੀ ਫ਼ਰਨੀਚਰ ਦੀ ਫੈਕਟਰੀ ਚਲਾਉਂਦਾ ਹੈ, ਦੀ ਪਤਨੀ ਗੁਰਿੰਦਰ ਕੌਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇੰਦਰਜੀਤ ਸਿੰਘ ਦਾ ਸੰਦੀਪ ਮਲਿਕ, ਨਰਿੰਦਰ ਕੁਮਾਰ, ਸਾਹਿਲ ਅਤੇ ਅਕਾਸ਼ ਭੱਲਾ ਨਾਲ ਵਪਾਰਕ ਪੈਸਿਆਂ ਦੇ ਲੈਣ-ਦੇਣ ਕਾਰਨ ਝਗੜਾ ਚੱਲ ਰਿਹਾ ਹੈ ਅਤੇ ਅੱਜ ਜਦੋਂ ਉਹ ਅਤੇ ਉਸ ਦਾ ਪਤੀ ਦੋ ਅਲੱਗ-ਅਲੱਗ ਕਾਰਾਂ ਵਿਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਸਵੇਰ 9 ਵਜੇ ਦੇ ਕਰੀਬ ਡੇਲੀਪੋਸਟ ਦੇ ਦਫ਼ਤਰ ਨਜ਼ਦੀਕ ਸੰਦੀਪ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਪਤੀ ਦੀ ਗੱਡੀ ਅੱਗੇ ਆਪਣੀ ਕਰੇਟਾ ਗੱਡੀ ਲਗਾ ਦਿੱਤੀ ਅਤੇ ਇੰਦਰਜੀਤ ਨੂੰ ਧੱਕੇ ਨਾਲ ਉਸ ਦੀ ਗੱਡੀ 'ਚੋਂ ਬਾਹਰ ਕੱਢ ਕੇ ਕੁੱਟਿਆ ਅਤੇ ਆਪਣੀ ਕਾਰ ਵਿਚ ਬਿਠਾ ਕੇ ਅਗਵਾ ਕਰਕੇ ਲੈ ਗਏ | ਇਸ ਮਾਮਲੇ ਸੰਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਘਟਨਾ ਮੌਕੇ ਕਾਫ਼ੀ ਰੌਲਾ ਪੈਣ ਕਾਰਨ ਪੁਲਿਸ ਨੂੰ ਸਮਾਂ ਰਹਿੰਦਿਆਂ ਇਤਲਾਹ ਮਿਲ ਗਈ ਅਤੇ ਇਸ ਮਾਮਲੇ ਵਿਚ ਕਾਰਵਾਈ ਕਰਦਿਆ ਐੱਸ. ਐੱਚ. ਓ. ਸਤਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬੀ. ਐੱਨ. ਐੱਸ. ਦੀ ਧਾਰਾ 109, 140(3), 351 (2) ਤਹਿਤ ਥਾਣਾ ਆਈ. ਟੀ. ਵਿਖੇ ਦਰਜ ਐਫ. ਆਈ. ਆਰ ਨੰਬਰ 76 ਵਿਚ ਸੰਦੀਪ ਮਲਿਕ, ਦਵਿੰਦਰ ਸਿੰਘ ਅਤੇ ਅਮਿਤ ਵਾਸੀਆਨ ਰੋਹਤਕ (ਹਰਿਆਣਾ) ਨੂੰ ਗਿ੍ਫ਼ਤਾਰ ਕਰ ਲਿਆ | ਜ਼ਿਕਰਯੋਗ ਹੈ ਕਿ ਪੁਲਿਸ ਨੇ ਪੀੜਤ ਇੰਦਰਜੀਤ ਸਿੰਘ ਨੂੰ ਸਹੀ ਸਲਾਮਤ ਉਸ ਦੇ ਘਰ ਪਹੁੰਚਾ ਦਿੱਤਾ ਹੈ | ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |