ਪੰਜਾਬ ਯੂਨੀਵਰਸਿਟੀ ਨੇ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਨਾਇਆ
ਅਜੀਤ ਡੈਸਕ
18-06-2025
ਚੰਡੀਗੜ੍ਹ, 17 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਈ ਸਮੂਹਿਕ ਸਹੁੰ ਚੁੱਕ ਸਮਾਰੋਹਾਂ ਤੇ ਜਾਗਰੂਕਤਾ ਗਤੀਵਿਧੀਆਂ ਕਰਕੇ 'ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ' ਮਨਾਇਆ | ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਸੰਸਥਾਵਾਂ ਤੇ ਦਫ਼ਤਰਾਂ ਨੇ ਬਾਲ ਮਜ਼ਦੂਰੀ ਦੇ ਖਾਤਮੇ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਵਿਚ ਹਿੱਸਾ ਲਿਆ | ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਦੀ ਅਗਵਾਈ ਹੇਠ ਪ੍ਰਸ਼ਾਸਕੀ ਬਲਾਕ ਦੇ ਅਧਿਕਾਰੀ ਸੈਨੇਟ ਹਾਲ ਵਿਖੇ ਬਾਲ ਮਜ਼ਦੂਰੀ ਵਿਰੁੱਧ ਸਹੁੰ ਚੁੱਕਣ ਲਈ ਇਕੱਠੇ ਹੋਏ | ਕਈ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਭਾਗੀਦਾਰਾਂ ਨੇ ਹਰੇਕ ਬੱਚੇ ਦੇ ਅਧਿਕਾਰਾਂ ਤੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ ਤੇ ਬਾਲ ਮਜ਼ਦੂਰੀ ਅਤੇ ਸ਼ੋਸ਼ਣ ਦੇ ਹਰ ਰੂਪ ਦੇ ਵਿਰੁੱਧ ਦਿ੍ੜਤਾ ਨਾਲ ਖੜ੍ਹੇ ਹੋਣ ਦਾ ਸਮੂਹਿਕ ਪ੍ਰਣ ਲਿਆ | ਉਨ੍ਹਾਂ ਨੇ ਚੰਡੀਗੜ੍ਹ ਨੂੰ ਬਾਲ ਮਜ਼ਦੂਰੀ ਮੁਕਤ ਸ਼ਹਿਰ ਬਣਾਉਣ ਦੇ ਯਤਨਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ, ਜਦੋਂ ਕਿ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ : ਬਾਲ ਮਜ਼ਦੂਰੀ ਨੂੰ ਨਾਂਹ ਕਹੋ - ਸਿੱਖਿਆ, ਆਜ਼ਾਦੀ ਅਤੇ ਸੱਚੇ ਬਚਪਨ ਨੂੰ ਹਾਂ |