ਲਾਲੜੂ, 17 ਜੂਨ (ਰਾਜਬੀਰ ਸਿੰਘ)-ਲਾਲੜੂ-ਧਰਮਗੜ੍ਹ ਸੰਪਰਕ ਸੜਕ 'ਤੇ ਸਥਿਤ ਮਖੀਜਾ ਪੈਲੇਸ ਨੇੜੇ ਇਕ 30 ਸਾਲਾ ਔਰਤ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਮੰਗਲਵਾਰ ਦੁਪਹਿਰ ਨੂੰ ਉਸ ਦੀ ਲਾਸ਼ ਕਮਰੇ 'ਚ ਛੱਤ ਵਾਲੇ ਪੱਖੇ ਨਾਲ ਬੰਨ੍ਹੇ ਦੁਪੱਟੇ ਨਾਲ ਲਟਕਦੀ ਹੋਈ ਮਿਲੀ | ਗੁਆਂਢੀਆਂ ਦੀ ਮਦਦ ਨਾਲ ਔਰਤ ਨੂੰ ਹੇਠ ਉਤਾਰ ਕੇ ਨੇੜਲੇ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਕਿ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਪਛਾਣ 30 ਸਾਲਾ ਵੀਰਵਤੀ ਪਤਨੀ ਓਮਵੀਰ ਵਜੋਂ ਹੋਈ ਹੈ | ਓਮਵੀਰ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਹੈ, ਜੋ ਕਿ ਪਿਛਲੇ 4 ਸਾਲਾਂ ਤੋਂ ਇਥੇ ਕਿਰਾਏ 'ਤੇ ਰਹਿ ਰਿਹਾ ਸੀ | ਓਮਵੀਰ ਦੇ ਅਨੁਸਾਰ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਕੋਲ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਸੀ | ਉਸ ਨੇ ਦੱਸਿਆ ਕਿ ਜਦੋਂ ਉਹ 1 ਵਜੇ ਦੇ ਕਰੀਬ ਦੁਪਹਿਰ ਦੇ ਖਾਣੇ ਲਈ ਘਰ ਵਾਪਸ ਆਇਆ ਤਾਂ ਕਮਰੇ ਦਾ ਦਰਵਾਜਾ ਅੰਦਰੋਂ ਬੰਦ ਸੀ ਅਤੇ ਜਦੋਂ ਉਸ ਨੇ ਖਿੜਕੀ 'ਚੋਂ ਅੰਦਰ ਦੇਖਿਆ ਤਾਂ ਵੀਰਵਤੀ ਦੁਪੱਟੇ ਨਾਲ ਲਟਕ ਰਹੀ ਸੀ | ਉਸ ਨੇ ਤੁਰੰਤ ਗੁਆਂਢੀਆਂ ਦੀ ਮਦਦ ਨਾਲ ਦਰਵਾਜਾ ਤੋੜਿਆ ਅਤੇ ਵੀਰਵਤੀ ਨੂੰ ਨੇੜਲੇ ਡਾਕਟਰ ਕੋਲ ਲੈ ਗਿਆ, ਜਿਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਜਾਂਚ ਅਧਿਕਾਰੀ ਏ. ਐਸ. ਆਈ. ਜਗਤਾਰ ਸਿੰਘ ਦੇ ਅਨੁਸਾਰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਮਿ੍ਤਕਾ ਦੇ ਮਾਪਿਆਂ ਦਾ ਵੀ ਕੋਈ ਅਤਾ-ਪਤਾ ਨਹੀਂ ਹੈ ਅਤੇ ਕੇਵਲ ਇਕ ਭੈਣ ਦਾ ਨਾਂਅ ਸਾਹਮਣੇ ਆਇਆ ਹੈ, ਜਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਕੇ ਬੀ. ਐਨ. ਐਸ. 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ |