ਡੇਰਾਬੱਸੀ ਥਾਣੇ 'ਚ ਪਏ ਕੈਮੀਕਲ ਦੇ ਡਰੰਮ ਤੇ ਸੈਂਕੜੇ ਵਾਹਨਾਂ ਨਾਲ ਵਾਪਰ ਸਕਦਾ ਵੱਡਾ ਹਾਦਸਾ <br/>
ਅਜੀਤ ਡੈਸਕ
18-06-2025
ਡੇਰਾਬੱਸੀ, 17 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਥਾਣੇ 'ਚ ਵੱਖ-ਵੱਖ ਪੁਰਾਣੇ ਮੁਕੱਦਮਿਆਂ 'ਚ ਜ਼ਬਤ ਕੀਤੇ ਕੈਮੀਕਲ ਦੇ ਡਰੰਮ ਤੇ ਸੈਂਕੜੇ ਵਾਹਨਾਂ ਦਾ ਢੇਰ, ਪੁਲਿਸ ਪ੍ਰਸ਼ਾਸਨ ਤੇ ਵਣ ਵਿਭਾਗ ਦੀ ਲਾਪਰਵਾਹੀ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਪੁਲਿਸ ਵਲੋਂ ਜ਼ਬਤ ਕੀਤੇ ਇਹ ਡਰੰਮ ਤੇ ਵਾਹਨ ਲਗਪਗ ਦੋ ਦਹਾਕਿਆਂ ਤੋਂ ਥਾਣੇ ਅਤੇ ਵਣ ਵਿਭਾਗ ਦੀ ਜ਼ਮੀਨ 'ਚ ਪਏ ਹਨ, ਜੋ ਹੁਣ ਲੀਕ ਹੋ ਰਹੇ ਹਨ | ਇਨ੍ਹਾਂ 'ਚ ਕਈ ਟਰੱਕ, ਕਾਰਾਂ, ਮੋਟਰਸਾਈਕਲਾਂ, ਥ੍ਰੀ-ਵੀਲਰ ਤੇ ਜੀਪਾਂ ਸ਼ਾਮਿਲ ਹਨ | ਕੈਮੀਕਲ ਦੇ ਡਰੰਮਾਂ ਦੇ ਰਿਸਾਅ ਹੋਣ ਦੇ ਕਾਰਨ ਵਾਤਾਵਰਨ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ | ਇਹ ਡਰੰਮ ਥਾਣੇ ਦੇ ਅੰਦਰ ਤੇ ਸਾਹਮਣੇ ਵਣ ਵਿਭਾਗ ਜ਼ਮੀਨ 'ਤੇ ਪਏ ਹਨ, ਪਰ ਦੋਵਾਂ ਮਹਿਕਮਿਆਂ ਨੀਂਦ ਹਾਲੇ ਤੱਕ ਨਹੀਂ ਟੁੱਟੀ | ਜਾਣਕਾਰੀ ਅਨੁਸਾਰ ਪੁਲਿਸ ਦਾ ਕੰਮ ਅੱਗੇ ਦੌੜ ਪਿੱਛੇ ਚੌੜ ਵਾਲਾ ਕੰਮ ਹੋ ਰਿਹਾ ਹੈ | ਦਰੱਖਤਾਂ ਦੇ ਪੱਤਿਆ 'ਚ ਲੁਕੇ ਹੋਏ ਵਾਹਨ, ਕੈਮੀਕਲ ਦੇ ਜ਼ਬਤ ਕੀਤੇ ਡਰੰਮਾਂ ਨੂੰ ਗਰਮੀ ਵਿਚ ਮਿਲੀ ਅੱਗ ਦੀ ਚੰਗਿਆੜੀ ਕਾਰਨ ਵੱਡਾ ਹਾਦਸਾ ਵਪਰ ਸਕਦਾ ਹੈ | ਏ. ਆਈ. ਜੀ. ਤੇ ਜ਼ਿਲ੍ਹਾ ਪੁਲਿਸ ਮੁਖੀ ਵੀ ਥਾਣੇ ਆਉਂਦੇ ਪਰ ਇਨ੍ਹਾਂ ਨੂੰ ਹਟਾਉਣ ਲਈ ਕੋਈ ਹਦਾਇਤ ਨਹੀਂ ਮਿਲ ਰਹੀ, ਜਿਸ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਡਰਮਾਂ ਤੇ ਵਾਹਨਾਂ ਨੂੰ ਇੱਥੋਂ ਹਟਾ ਦਿੱਤਾ ਜਾਵੇ, ਤਾਂ ਇੱਥੇ ਇਕ ਸੁੰਦਰ ਪਾਰਕ ਬਣਾਇਆ ਜਾ ਸਕਦਾ ਹੈ |
ਦੋ ਥਾਣਾ ਮੁਖੀਆਂ ਨੇ ਕੀਤਾ ਡੇਰਾਬੱਸੀ ਥਾਣੇ ਦਾ ਸੁਧਾਰ : ਡੇਰਾਬੱਸੀ ਥਾਣਾ ਮੁਖੀ ਰਹੇ ਇੰਸਪੈਕਟਰ ਮਹਿੰਦਰ ਸਿੰਘ ਨੇ ਆਪਣੇ ਕਾਰਜਕਾਲ ਵੇਲੇ ਡੇਰਾਬੱਸੀ ਥਾਣੇ ਨੂੰ ਸਵੱਛ ਬਣਾਉਣ ਲਈ ਵੱਡਾ ਉਪਰਾਲਾ ਕੀਤਾ | ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਫ਼ਤੀਸੀ ਅਫ਼ਸਰਾਂ ਲਈ ਕਮਰੇ ਸਮੇਤ ਥਾਣੇ ਦੀ ਸਫ਼ਾਈ ਵਿਵਸਥਾ ਵਧੀਆ ਬਣਾਈ | ਇਸੇ ਤਰ੍ਹਾਂ ਥਾਣਾ ਮੁਖੀ ਰਹੇ ਗੁਰਪ੍ਰੀਤ ਸਿੰਘ ਬੈਂਸ ਜੋ ਕਿ ਹੁਣ ਡੀ. ਐਸ. ਪੀ. ਹਨ ਵਲੋਂ ਵੀ ਥਾਣਾ ਮੁਖੀ ਵਾਲੇ ਕਮਰੇ ਦਾ ਨਵੀਨੀਕਰਨ ਕਰਵਾਇਆ ਗਿਆ | ਦੋਵੇਂ ਅਫ਼ਸਰਾਂ ਵੱਲੋਂ ਕੀਤੇ ਥਾਣੇ ਦੇ ਸੁਧਾਰ ਨੂੰ ਸ਼ਹਿਰ ਦੇ ਲੋਕੀਂ ਯਾਦ ਕਰਦੇ ਹਨ |
ਥਾਣਾ ਮੁਖੀ ਨੇ ਦਿੱਤਾ ਭਰੋਸਾ, ਹਟਾਏ ਜਾਣਗੇ ਵਾਹਨ : ਥਾਣਾ ਮੁਖੀ ਸੁਮਿਤ ਮੋਰ ਨੇ 'ਅਜੀਤ' ਟੀਮ ਨੂੰ ਭਰੋਸਾ ਦਿੱਤਾ ਕਿ ਉਹ ਵਾਹਨਾਂ ਨੂੰ ਹਟਾਉਣ ਲਈ ਉਚਿਤ ਕਾਰਵਾਈ ਕਰਨਗੇ |