ਮੋਰਿੰਡਾ, 18 ਜੂਨ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਮੋਰਿੰਡਾ ਚੰਡੀਗੜ੍ਹ ਰੋਡ 'ਤੇ ਸਥਿਤ ਮਾਨ ਫਾਰਮ ਨੇੜੇ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਏ. ਐਸ. ਆਈ. ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਮੜੋਲੀ ਕਲਾਂ ਵਿਖੇ ਮਾਨ ਫਾਰਮ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ | ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ 28/30 ਸਾਲ ਦੇ ਕਰੀਬ ਲੱਗਦੀ ਹੈ, ਜਿਸ ਦਾ ਕੱਦ 5 ਫੁੱਟ 8 ਇੰਚ ਦੇ ਕਰੀਬ ਹੈ | ਏ. ਐਸ. ਆਈ. ਸ਼ਾਮ ਲਾਲ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਬਾਂਹ ਉੱਤੇ ਅੰਗਰੇਜ਼ੀ ਵਿਚ ਰਵਿੰਦਰ ਅਤੇ ਓਮ ਜਦਕਿ ਛਾਤੀ ਉੱਤੇ ਸਟਾਰ (ਤਾਰਾ) ਦਾ ਟੈਟੂ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਪਹਿਚਾਣ ਲਈ ਸਰਕਾਰੀ ਹਸਪਤਾਲ ਰੂਪਨਗਰ ਦੇ ਮੌਰਚਰੀ ਵਾਰਡ ਵਿਚ 72 ਘੰਟਿਆਂ ਲਈ ਰੱਖਵਾ ਦਿੱਤਾ ਹੈ |