ਮਾਜਰੀ, 18 ਜੂਨ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਵਿਖੇ ਤਿੰਨ ਰੋਜ਼ਾ ਕਿ੍ਕਟ ਖੇਡਾ ਮੇਲਾ ਕਰਵਾਇਆ ਗਿਆ, ਜਿਸ ਮੁੱਖ ਮਹਿਮਾਨ ਦੇ ਤੌਰ 'ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਸ਼ਮੂਲੀਅਤ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਮਨੀਸ਼ ਗੌਤਮ ਮਾਜਰੀ ਨੇ ਦੱਸਿਆ ਖੇਡ ਮੇਲੇ ਵਿਚ ਵੱਖ-ਵੱਖ ਪਿੰਡਾਂ ਦੀਆਂ ਕ੍ਰਿਕਟ ਟੀਮਾਂ ਵਲੋਂ ਭਾਗ ਲਿਆ ਗਿਆ ਅਤੇ ਫਾਈਨਲ ਮੁਕਾਬਲੇ ਦੀ ਜੇਤੂ ਤੇ ਉਪ ਜੇਤੂ ਟੀਮ ਨੂੰ ਮੁੱਖ ਮਹਿਮਾਨ ਵਿਜੇ ਸ਼ਰਮਾ ਟਿੰਕੂ ਵਲੋਂ ਸਨਮਾਨਿਤ ਕੀਤਾ ਗਿਆ | ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਟਿੰਕੂ ਨੇ ਕਿਹਾ ਕਿ ਪਿੰਡ ਵਿਚ ਟੂਰਨਾਮੈਂਟ ਕਰਵਾਉਣ ਨਾਲ ਨੌਜਵਾਨਾਂ ਦੇ ਖੇਡਾਂ ਵੱਲ ਰੁਝਾਨ ਵਧਦਾ ਹੈ | ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਖੇਡੇ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ | ਉਨ੍ਹਾਂ ਉਕਤ ਟੂਰਨਾਮੈਂਟ ਨੂੰ ਕਰਵਾਉਣ ਵਾਲੇ ਕਲੱਬ ਮੈਂਬਰਾਂ ਤੇ ਸਹਿਯੋਗੀਆਂ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ, ਛੱਜਾ ਸਿੰਘ ਰਾਠੌਰ, ਦਿਲਬਾਗ ਖਾਨ ਤੇ ਰਮਾਕਾਂਤ ਕਾਲੀਆ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |