ਐੱਸ. ਏ. ਐੱਸ. ਨਗਰ, 20 ਜੂਨ (ਕਪਿਲ ਵਧਵਾ)-ਜ਼ੀਰਕਪੁਰ ਸਥਿਤ ਸਨਸ਼ਾਈਨ ਗਾਰਡਨ ਐਂਡ ਮੈਰਿਜ ਪੈਲੇਸ ਨੂੰ ਲੈ ਕੇ ਮਾਲਕ ਅਤੇ ਕੇਟਰਿੰਗ ਕਰਨ ਵਾਲੇ ਵਿਅਕਤੀ ਵਿਚਕਾਰ ਵਿਵਾਦ ਚੱਲ ਰਿਹਾ ਹੈ | ਇਸ ਮਾਮਲੇ 'ਚ ਜਸਦੇਵ ਸਿੰਘ ਕੋਛੜ ਨੇ ਪੈਲੇਸ ਦੇ ਮਾਲਕ ਭੁਪਿੰਦਰ ਸਿੰਘ ਤੇ ਉਸ ਦੇ ਪੁੱਤਰ ਸੰਜੀਤ ਸਿੰਘ 'ਤੇ ਪੁਲਿਸ ਦੀ ਮਿਲੀਭੁਗਤ ਨਾਲ ਜ਼ਬਰਦਸਤੀ ਸਾਮਾਨ 'ਤੇ ਕਬਜ਼ਾ ਕਰਕੇ ਕਰੋੜਾਂ ਰੁ. ਦਾ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਹਨ | ਇਸ ਸੰਬੰਧੀ ਕੋਛੜ ਨੇ ਆਪਣੇ ਮੁਲਾਜ਼ਮਾਂ ਨਾਲ ਸ਼ੁੱਕਰਵਾਰ ਨੂੰ ਐੱਸ. ਐੱਸ. ਪੀ. ਦਫ਼ਤਰ ਮੁਹਾਲੀ ਦੇ ਬਾਹਰ ਧਰਨਾ ਦਿੰਦਿਆਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮੌਕੇ 'ਤੇ ਮੌਜੂਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਦੇਵ ਸਿੰਘ ਕੋਛੜ ਨੇ ਦੱਸਿਆ ਕਿ 2016 ਵਿਚ ਉਨ੍ਹਾਂ ਨੇ ਮੈਰਿਜ ਪੈਲੇਸ ਵਿਚ ਟੈਂਟ ਸਜਾਵਟ ਤੇ ਕੇਟਰਿੰਗ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਲੱਖਾਂ ਰੁ. ਦੀ ਰਕਮ ਨਿਵੇਸ਼ ਕੀਤੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਹਾਲ ਹੀ ਵਿਚ ਪੈਲੇਸ ਦੇ ਮਾਲਕ ਭੁਪਿੰਦਰ ਸਿੰਘ ਤੇ ਉਸ ਦੇ ਪੁੱਤਰ ਸੰਜੀਤ ਸਿੰਘ ਨੇ ਆਪਣੇ ਸਾਥੀਆਂ ਅਤੇ ਪੁਲਿਸ ਦੀ ਸਹਾਇਤਾ ਨਾਲ ਉਨ੍ਹਾਂ ਦਾ ਸਾਮਾਨ ਖੋਹ ਲਿਆ ਅਤੇ ਰਿਜ਼ੋਰਟ ਨੂੰ ਤਾਲਾ ਲਗਾ ਦਿੱਤਾ | ਕੋਛੜ ਦੇ ਅਨੁਸਾਰ ਕੁਝ ਮਹੀਨੇ ਪਹਿਲਾ ਇਕ ਏ. ਐੱਸ. ਆਈ. ਬਿਨਾਂ ਕਿਸੇ ਅਧਿਕਾਰ ਦੇ ਰਿਜ਼ੋਰਟ 'ਚ ਦਾਖ਼ਲ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਸੀ | ਇਸ ਤੋਂ ਬਾਅਦ ਸਥਾਨਕ ਡੀ. ਐੱਸ. ਪੀ. ਅੱਗੇ ਮਾਮਲਾ ਰੱਖਣ ਦੇ ਬਾਵਜੂਦ ਪੈਲੇਸ ਦੀ ਪਾਣੀ ਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਅਤੇ ਸਟਾਫ਼ ਨੂੰ ਬਾਹਰ ਕੱਢ ਦਿੱਤਾ ਗਿਆ | 17 ਮਈ ਦੀ ਰਾਤ ਨੂੰ ਰਿਜ਼ੋਰਟ ਤੋਂ ਚਾਰ ਤੋਂ ਪੰਜ ਟਰੱਕਾਂ ਰਾਹੀਂ ਉਨ੍ਹਾਂ ਦਾ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ | ਜਸਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਮੁਹਾਲੀ ਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ | ਕੋਛੜ ਨੇ ਸਪੱਸ਼ਟ ਕੀਤਾ ਕਿ ਉਹ ਮੈਰਿਜ ਪੈਲੇਸ ਦਾ ਮਾਲਕ ਨਹੀਂ, ਸਿਰਫ਼ ਸੰਚਾਲਕ ਹੈ ਅਤੇ ਉਹ ਆਪਣੀ ਸਾਲਾਂ ਦੀ ਕਮਾਈ ਤੇ ਨਿਵੇਸ਼ ਦੀ ਰਕਮ ਵਾਪਸ ਲੈਣਾ ਚਾਹੁੰਦਾ ਹੈ | ਓਧਰ ਦੂਜੇ ਪਾਸੇ ਸੰਪਰਕ ਕਰਨ 'ਤੇ ਸਨਸ਼ਾਈਨ ਗਾਰਡਨ ਐਂਡ ਮੈਰਿਜ ਪੈਲੇਸ ਦੇ ਮਾਲਕ ਸੰਜੀਤ ਸਿੰਘ ਨੇ ਜਸਦੇਵ ਸਿੰਘ ਕੋਛੜ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠਾ ਦੱਸਦਿਆਂ ਕਿਹਾ ਕਿ ਹਕੀਕਤ ਇਹ ਹੈ ਕਿ ਅਸੀਂ ਕੋਛੜ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ | ਕੋਛੜ ਨੇ ਤਿੰਨ ਵਾਰ ਅਦਾਲਤ 'ਚ ਕੇਸ ਦਾਇਰ ਕੀਤਾ ਸੀ, ਪਰ ਹਰ ਵਾਰ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਹੀ ਹੁਕਮ ਸੁਣਾਏ ਸਨ | ਸੰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਕੋਛੜ ਨੇ 15 ਤੋਂ 20 ਲੋਕਾਂ ਨਾਲ ਮਿਲ ਕੇ ਰਿਜ਼ੋਰਟ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੌਕੇ 'ਤੇ ਪੁਲਿਸ ਦੇ ਪਹੁੰਚਣ 'ਤੇ ਸਾਰੇ ਲੋਕ ਭੱਜ ਗਏ | ਪੈਲੇਸ ਮਾਲਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਜਸਦੇਵ ਕੋਛੜ ਨਾਲ ਕਦੇ ਵੀ ਕੋਈ ਲਿਖਤੀ ਜਾਂ ਮੌਖਿਕ ਸਮਝੌਤਾ ਨਹੀਂ ਕੀਤਾ | ਇਸ ਮਾਮਲੇ ਵਿਚ ਦੋਵੇਂ ਧਿਰਾਂ ਵਲੋਂ ਵੱਖ-ਵੱਖ ਦਾਅਵੇ ਪੇਸ਼ ਕੀਤੇ ਗਏ ਹਨ |