ਚੰਡੀਗੜ੍ਹ, 15 ਅਕਤੂਬਰ (ਔਜਲਾ)-ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਇੱਥੇ ਦੱਸਿਆ ਕਿ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ, ਜੋ ਕਿ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਦੀ ਅੰਤਿਮ ਅਰਦਾਸ ਅੱਜ 16 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸੈਕਟਰ 125, ਸਨੀ ਐਨਕਲੇਵ, ਖਰੜ ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੱਭਿਆਚਾਰਕ ਅਤੇ ਸਾਹਿਤਕ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਰਧਾਂਜਲੀ ਦੇਣ ਲਈ ਪੁੱਜਣਗੀਆਂ | ਜ਼ਿਕਰਯੋਗ ਹੈ ਕਿ ਕਰਮਜੀਤ ਬੱਗਾ ਜਿਨ੍ਹਾਂ ਨੇ ਸਿਹਤ ਵਿਭਾਗ ਵਿਚ ਲੰਮੇ ਸਮੇਂ ਤਕ ਸੇਵਾਵਾਂ ਨਿਭਾਈਆਂ, ਨੇ ਲੰਮਾ ਸਮਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਵੀ ਕੀਤੀ | ਉਹ ਅਲਗੋਜ਼ਾ ਵਾਦਕ ਸਨ ਅਤੇ ਮਲਵਈ ਬੋਲੀਆਂ ਵਿਚ ਵੀ ਪ੍ਰਪੱਕ ਸਨ | ਬਹੁਤ ਸਾਰੇ ਮੁੰਡੇ-ਕੁੜੀਆਂ ਨੇ ਉਨ੍ਹਾਂ ਕੋਲੋਂ ਅਲਗੋਜ਼ੇ ਸਿੱਖ ਕੇ ਦੇਸ਼ ਵਿਦੇਸ਼ ਵਿਚ ਨਾਮਣਾ ਖੱਟਿਆ | ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਅÏਜਲਾ ਨੇ ਦੱਸਿਆ ਕਿ ਕਰਮਜੀਤ ਬੱਗਾ ਦੇ ਬੱਚੇ ਕੈਨੇਡਾ ਰਹਿੰਦੇ ਹਨ ਅਤੇ ਉਹ ਖੁਦ ਵੀ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ | ਉਨ੍ਹਾਂ ਕਿਹਾ ਕਿ ਕਰਮਜੀਤ ਬੱਗਾ ਦੀ ਮੌਤ ਨਾਲ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |