ਚੰਡੀਗੜ੍ਹ, 15 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਯੂ. ਟੀ. ਪ੍ਰਸ਼ਾਸਨ ਦੇ ਉਦਯੋਗ ਵਿਭਾਗ ਵਲੋਂ ਰਵਾਇਤੀ ਕਾਰੀਗਰਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੇ ਲਾਭਾਂ ਨਾਲ ਜੋੜਨ ਲਈ ਐੱਮ.ਐੱਸ.ਐੱਮ.ਈ.-ਡੀ.ਐੱਫ਼.ਓ., ਲੁਧਿਆਣਾ ਦੇ ਸਹਿਯੋਗ ਨਾਲ ਸੈਕਟਰ-49 ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦਾ ਮਕਸਦ ਕਾਰੀਗਰਾਂ ਨੂੰ ਸਰਕਾਰੀ ਸਹਾਇਤਾ, ਕੌਸ਼ਲ ਵਿਕਾਸ ਅਤੇ ਆਧੁਨਿਕ ਤਕਨੀਕੀ ਅÏਜ਼ਾਰਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਣਾ ਸੀ | ਕੈਂਪ 'ਚ 80 ਤੋਂ ਵੱਧ ਰਜਿਸਟਰਡ ਵਿਸ਼ਵਕਰਮਾ ਕਾਰੀਗਰਾਂ ਨੇ ਹਿੱਸਾ ਲਿਆ | ਸਮਾਗਮ ਵਿਚ ਵਿਭਾਗਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸਕੀਮ ਦੇ ਮੁੱਖ ਅੰਗਾਂ ਸਕਿੱਲ ਟਰੇਨਿੰਗ, ਕਰਜ਼ਾ ਵੰਡ, ਟੂਲਕਿੱਟ ਸਹਾਇਤਾ, ਡਿਜੀਟਲ ਲੈਣ-ਦੇਣ, ਉਤਪਾਦ ਮਾਰਕਿਟਿੰਗ ਅਤੇ ਬ੍ਰਾਂਡਿੰਗ ਬਾਰੇ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ | ਸੈਸ਼ਨ ਦੌਰਾਨ ਟਰੇਨਿੰਗ, ਵਜ਼ੀਫ਼ੇ, ਕਰਜ਼ਾ ਸਹਾਇਤਾ ਅਤੇ ਹੋਰ ਸਕੀਮਾਂ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ | ਸਮਾਪਤੀ 'ਤੇ ਇੰਟਰਐਕਟਿਵ ਪ੍ਰਸ਼ਨ-ਉੱਤਰ ਸੈਸ਼ਨ ਤੇ ਧੰਨਵਾਦ ਸਮਾਰੋਹ ਨਾਲ ਕੈਂਪ ਸਮਾਪਤ ਹੋਇਆ | ਉਦਯੋਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਰਾਹੀਂ ਰਵਾਇਤੀ ਕਾਰੀਗਰਾਂ ਨੂੰ ਰਸਮੀ ਅਰਥਵਿਵਸਥਾ ਨਾਲ ਜੋੜਨਾ, ਉਨ੍ਹਾਂ ਦੀ ਆਜੀਵਿਕਾ ਟਿਕਾਊ ਬਣਾਉਣਾ ਤੇ ਭਾਰਤ ਦੀ ਕਾਰੀਗਰੀ ਵਿਰਾਸਤ ਦੀ ਸੰਭਾਲ ਕਰਨਾ ਵਿਭਾਗ ਦੀ ਪ੍ਰਾਥਮਿਕਤਾ ਹੈ |