ਚੰਡੀਗੜ੍ਹ, 21 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪ੍ਰਦੂਸ਼ਣ 'ਤੇ ਕਾਬੂ ਪਾਉਣ ਅਤੇ ਵਾਤਾਵਰਨ ਨੂੰ ਬਚਾਉਣ ਦੀ ਨੀਅਤ ਨਾਲ ਜਿੱਥੇ ਯੂ. ਟੀ. ਪ੍ਰਸ਼ਾਸਨ ਵਲੋਂ ਦੀਵਾਲੀ ਮੌਕੇ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਉੱਥੇ ਹੀ ਇਹ ਪਾਬੰਦੀ ਲੋਕਾਂ ਲਈ ਕੇਵਲ ਇਕ ਮਜ਼ਾਕ ਬਣ ਕੇ ਰਹਿ ਗਈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਕੋਈ ਨਿਯਮ ਬਣਾਏ ਹੀ ਨਾ ਹੋਣ | ਕਈ ਲੋਕਾਂ ਲਈ ਦੀਵਾਲੀ ਸਿਰਫ਼ ਪਟਾਕਿਆਂ ਦੀਆਂ ਗੂੰਜ, ਆਕਾਸ਼ 'ਚ ਉੱਡਦੇ ਰੰਗ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀਆਂ ਵੀਡੀਓਜ਼ ਤੱਕ ਸੀਮਤ ਸੀ | ਵਾਤਾਵਰਨ 'ਤੇ ਪੈਣ ਵਾਲੇ ਮਾੜੇ ਅਸਰ ਦੀ ਨਾ ਕਿਸੇ ਨੂੰ ਚਿੰਤਾ ਸੀ ਅਤੇ ਨਾ ਹੀ ਜ਼ਿੰਮੇਵਾਰੀ ਨਿਭਾਉਣ ਦਾ ਜਜ਼ਬਾ | ਰਾਤ ਭਰ ਚਲਦੇ ਰਹੇ ਪਟਾਕਿਆਂ ਨੇ ਨਾ ਸਿਰਫ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਸਗੋਂ ਬਜ਼ੁਰਗਾਂ, ਦਮਾ ਅਤੇ ਦਿੱਲ ਦੇ ਮਰੀਜ਼ਾਂ ਲਈ ਇਹ ਰਾਤ ਕਾਲ ਰੂਪ ਲੈ ਆਈ | ਚੰਡੀਗੜ੍ਹ ਦੇ ਕਈ ਹਸਪਤਾਲਾਂ 'ਚ ਸਾਹ ਲੈਣ 'ਚ ਤਕਲੀਫ਼ ਆਉਣ ਕਾਰਨ ਦਰਜਨਾਂ ਮਰੀਜ਼ ਪਹੁੰਚੇ | ਉੱਪਰੋਂ ਪ੍ਰਸ਼ਾਸਨ ਜਾਂ ਐਂਬੂਲੈਂਸ ਸੇਵਾਵਾਂ ਨੂੰ ਰਸਤਾ ਮਿਲਣ 'ਚ ਵੀ ਦਿੱਕਤ ਆਈ |
ਚੰਡੀਗੜ੍ਹ ਪੁਲਿਸ, ਜੋ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਮੂਲਭੂਤ ਜ਼ਿੰਮੇਵਾਰੀ ਨਿਭਾਉਂਦੀ ਹੈ, ਉਹ ਵੀ ਜ਼ਮੀਨੀ ਪੱਧਰ 'ਤੇ ਗ਼ੈਰਹਾਜ਼ਰ ਦਿਖੀ | ਪੁਲਿਸ ਵਲੋਂ ਇਹ ਕਹਿ ਦੇਣਾ ਕਿ ਸ਼ਿਕਾਇਤ ਆਉਣ 'ਤੇ ਹੀ ਕਾਰਵਾਈ ਕੀਤੀ ਜਾਵੇਗੀ, ਇਹ ਦਰਸਾਉਂਦਾ ਹੈ ਕਿ ਪੁਲਿਸ ਅਧਿਕਾਰੀਆਂ 'ਚ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਦੀ ਇੱਛਾ ਹੀ ਨਹੀਂ | ਸਵਾਲ ਤਾਂ ਇਹ ਵੀ ਖੜ੍ਹਾ ਹੁੰਦਾ ਹੈ ਕਿ ਜਦ ਸਰਕਾਰ ਆਪਣੀ ਹੀ ਨੀਤੀ ਦੀ ਪਾਲਣਾ ਨਹੀਂ ਕਰਵਾ ਸਕਦੀ ਤਾਂ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦਾ ਕੀ ਮਤਲਬ |
ਹਰੇਕ ਤਰ੍ਹਾਂ ਦੀਆਂ ਚਿਤਾਵਨੀਆਂ, ਮੀਡੀਆ ਮੁਹਿੰਮਾਂ ਅਤੇ ਸਕੂਲਾਂ 'ਚ ਚਲਾਏ ਗਏ 'ਗ੍ਰੀਨ ਦੀਵਾਲੀ' ਮੁਹਿੰਮਾਂ ਦੇ ਬਾਵਜੂਦ ਜੇਕਰ ਅਸੀਂ ਹੀ ਆਪਣੀ ਭਵਿੱਖ ਦੀ ਪੀੜ੍ਹੀ ਲਈ ਵਿਸ਼ੈਲਾ ਵਾਤਾਵਰਨ ਛੱਡਣ 'ਚ ਜੁਟੇ ਹੋਏ ਹਾਂ ਤਾਂ ਫਿਰ ਇਹ ਨਵੀਂ ਸੋਚ ਜਾਂ ਸਾਫ਼ ਭਾਰਤ ਦੇ ਨਾਅਰੇ ਸਿਰਫ਼ ਕਾਗਜ਼ੀ ਰਹਿ ਜਾਣਗੇ |
ਯੂ. ਟੀ. ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਚੰਡੀਗੜ੍ਹ ਪੁਲਿਸ ਤੇ ਸ਼ਹਿਰਵਾਸੀ <br/>
ਚੰਡੀਗੜ੍ਹ 'ਚ ਯੂ. ਟੀ. ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਸ਼ਹਿਰ ਵਾਸੀ | ਤਸਵੀਰ : ਕਮਲਜੀਤ ਸਿੰਘ<br/>
22-10-2025